ਫਿਰੋਜ਼ਪੁਰ, 2 ਮਾਰਚ (ਬਾਲ ਕਿਸ਼ਨ)- ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਜਾਰੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ 03 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 2 ਕਿਲੋ 7 ਗ੍ਰਾਮ ਹੈਰੋਇਨ ਬਰਾਮਦ ਕੀਤੇ ਹਨ। ਪ੍ਰੈਸ ਨੂੰ ਸੰਬੋਧਨ ਕਰਦਿਆਂ ਭੁਪਿੰਦਰ ਸਿੰਘ ਐੱਸਐੱਸਪੀ. ਫਿਰੋਜ਼ਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਜ਼ਿਲ੍ਹਾ ਪੁਲਿਸ ਦੁਆਰਾ ਜ਼ਿਲ੍ਹਾ ਦੇ ਸਮੂਹ ਗਜਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ, ਜੋ ਮੁਸ਼ਤੈਦੀ ਨਾਲ ਪੂਰੇ ਏਰੀਆ ਅੰਦਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ। ਇਸ ਮੁਹਿੰਮ ਤਹਿਤ ਮਨਜੀਤ ਸਿੰਘ, ਪੀਪੀਐੱ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਫਿਰੋਜ਼ਪੁਰ, ਸਤਨਾਮ ਸਿੰਘ ਪੀਪੀਐੱਸ ਡੀਐੱਸਪੀ (ਸਬ ਡਵੀਜ਼ਨ) ਗੁਰੂਹਰਸਹਾਏ, ਧਾਰਾਵੱਥ ਸਾਈ ਪ੍ਰਕਾਸ਼ ਆਈਪੀਐੱਸ ਦੀ ਨਿਗਰਾਨੀ ਵਿੱਚ ਐੱਸਆਈ ਗੁਰਵਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਲੱਖੋ ਕੇ ਬਹਿਰਾਮ ਸਮੇਤ ਪੁਲਿਸ ਪਾਰਟੀ ਗਸ਼ਤ ਤੇ ਚੈਕਿੰਗ ਦੌਰਾਨ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਾਹਨਾਂ ਦੇ ਸਬੰਧ ਵਿੱਚ ਬੱਸ ਅੱਡਾ ਗੁੱਦੜ ਢੰਡੀ ਪਾਸ ਮੌਜ਼ੂਦ ਸੀ। ਇਸ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬਲਕਾਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪੋਜੋ ਕੇ ਹਿਠਾੜ ਥਾਣਾ ਮਮਦੋਟ, ਗੁਰਮੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਘੁਰਕਾ ਥਾਣਾ ਸਦਰ ਫਾਜ਼ਿਲਕਾ ਜੋ ਆਪਸ ਵਿੱਚ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ, ਅੱਜ ਵੀ ਦੋਨੋਂ ਮਿਲ ਕੇ ਆਪਣੇ ਪਾਸ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਆਪਣੇ ਮੋਟਰਸਾਈਕਲ ਬਜਾਜ ’ਤੇ ਸਵਾਰ ਹੋ ਕੇ ਗੁਰੂਹਰਸਹਾਏ ਦੀ ਤਰਫ ਗੁੱਦੜ ਢੰਡੀ ਰੋਡ ਨੂੰ ਆ ਰਹੇ ਹਨ। ਜੇਕਰ ਪੁਲ ਨਹਿਰ ਗੁੱਦੜ ਢੰਡੀ ’ਤੇ ਨਾਕਾਬੰਦੀ ਕੀਤੀ ਜਾਵੇ ਤਾਂ ਹੈਰੋਇਨ ਸਮੇਤ ਕਾਬੂ ਆ ਸਕਦੇ ਹਨ। ਇਸ ਦੌਰਾਨ ਬਲਕਾਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪੋਜੋ ਕੇ ਹਿਠਾੜ ਥਾਣਾ ਮਮਦੋਟ ਅਤੇ ਗੁਰਮੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਘੁਰਕਾ ਥਾਣਾ ਸਦਰ ਫਾਜ਼ਿਲਕਾ ਨੂੰ ਗਿ੍ਰਫਤਾਰ ਕੀਤਾ ਗਿਆ। ਜਦੋਂ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੌਰਾਨ ਬਲਕਾਰ ਸਿੰਘ ਪਾਸੋਂ 506 ਗ੍ਰਾਮ ਹੈਰੋਇਨ ਅਤੇ ਗੁਰਮੀਤ ਸਿੰਘ ਪਾਸੋਂ 501 ਗ੍ਰਾਮ ਹੈਰੋਇਨ ਤੇ ਇੱਕ ਮੋਟਰਸਾਈਕਲ ਬਜਾਜ ਬਰਾਮਦ ਕੀਤਾ ਗਿਆ। ਬਲਕਾਰ ਸਿੰਘ ਤੇ ਗੁਰਮੀਤ ਸਿੰਘ ਦੀ ਪੁੱਛ-ਗਿੱਛ ਦੌਰਾਨ ਲਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸੇਠਾਂ ਵਾਲਾ ਥਾਣਾ ਮਮਦੋਟ ਨੂੰ ਵੀ ਗਿ੍ਰਫਤਾਰ ਕੀਤਾ ਗਿਆ। ਜਦ ਪੁੱਛਗਿੱਛ ਕੀਤੀ ਗਈ ਤਾਂ ਲਖਵਿੰਦਰ ਸਿੰਘ ਪਾਸੋਂ 1 ਕਿਲੋਗ੍ਰਾਮ ਹੈਰੋਇਨ ਸਮੇਤ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਦੋੋਸ਼ੀਅਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।ਪੁਲਿਸ ਵੱਲੋਂ ਫੜੇ ਗਏ ਤਿੰਨ ਦੋਸ਼ੀਅਨ ਖਿਲਾਫ ਥਾਣਾ ਲੱਖੋ ਕੇ ਬਹਿਰਾਮ ਵਿਖੇ ਮੁਕੱਦਮਾ ਨੰਬਰ 13 ਮਿਤੀ 27.02.2025 ਅ/ਧ 21,29 ਐੱਨਡੀਪੀਐੱਸਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੜਤਾਲ ਰਿਕਾਰਡ ਦੌਰਾਨ ਉਕਤ ਦੋਸ਼ੀਅਨ ਦੇ ਖਿਲਾਫ ਕੋਈ ਵੀ ਪੁਰਾਣਾ ਮੁਕੱਦਮਾ ਰਜਿਸਟਰ ਹੋਣਾ ਨਹੀਂ ਪਾਇਆ ਗਿਆ।



