CM Mann ਨੇ ਭਾਰਤ ਭੂਸ਼ਣ ਆਸ਼ੂ ’ਤੇ ਕੱਸਿਆ ਤਨਜ਼, ਕਿਹਾ-ਵਿਰੋਧੀ ਪਾਰਟੀਆਂ ਵੋਟ ਬਦਲੇ ਪੈਸੇ ਦੇਣ ਤਾਂ ਮਨ੍ਹਾ ਨਾ ਕਰਨਾ, ਵੋਟ ‘ਆਪ’ ਨੂੰ ਹੀ ਪਾਉਣਾ

ਲੁਧਿਆਣਾ, 7 ਜੂਨ : ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ’ਚ ਸਥਾਨਕ ਜਵਾਹਰ ਨਗਰ ਕੈਂਪ ਇਲਾਕੇ ਦੇ ਚੋਣ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ’ਤੇ ਸਿੱਧੇ ਹਮਲੇ ਕਰਦਿਆਂ ਲਗਾਤਾਰ ਤੰਜ ਕੱਸੇ ਤੇ ਆਪਣੇ ਪੁਰਾਣੇ ਅੰਦਾਜ਼ ’ਚ ‘ਆਪ’ ਉਮੀਦਵਾਰ ਦੇ ਹੱਕ ’ਚ ਵੋਟ ਮੰਗੇ। ਉਨ੍ਹਾਂ ਕਿਹਾ ਕਿ ਆਪਣੀ ਹਾਰ ਵੇਖ ਕੇ ਵਿਰੋਧੀਆਂ ਦੀ ਰਾਤਾਂ ਦੀ ਨੀਂਦ ਉੱਡੀ ਹੋਈ ਹੈ। ਕਿਸੇ ਵੀ ਤਰ੍ਹਾਂ ਵੋਟਾਂ ਬਟੋਰਨ ਲਈ ਵਿਰੋਧੀ ਹਰ ਤਰ੍ਹਾਂ ਦੇ ਹਥਕੰਡੇ ਅਪਣਾਉਣ ਲਈ ਪੱਬਾਂ ਭਾਰ ਹਨ। ਇਸ ਲਈ ਜੇਕਰ ਵਿਰੋਧੀ ਉਮੀਦਵਾਰ ਵੋਟਾਂ ਖਰੀਦਣ ਲਈ ਪੈਸੇ ਲੈ ਕੇ ਆਉਣ ਤਾਂ ਮਨ੍ਹਾ ਨਾ ਕਰਿਓ ਕਿਉਂਕਿ ਘਰ ਆਈ ਲਕਸ਼ਮੀ ਵਾਪਿਸ ਨਹੀਂ ਮੋੜੀ ਜਾਂਦੀ। ਉਨ੍ਹਾਂ ਤੋਂ ਪੈਸੇ ਲੈ ਕੇ ਵੋਟਾਂ ਜ਼ਰੂਰ ਝਾੜੂ ਨੂੰ ਪਾ ਦੇਣਾ। ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਮਾਨ ਨੇ ਔਰਤਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਬੇਹੱਦ ਸੁਚੱਜੇ ਢੰਗ ਨਾਲ ਘਰ ਚਲਾਉਣ ’ਚ ਮਾਹਰ ਔਰਤਾਂ ਸਰਕਾਰ ਚਲਾਉਣ ’ਚ ਚੰਗੀ ਤਰ੍ਹਾਂ ਨਾਲ ਭਾਗੀਦਾਰ ਬਣ ਸਕਦੀਆਂ ਹਨ। ਉਨ੍ਹਾਂ ਔਰਤਾਂ ਨੂੰ ਰਾਜਨੀਤੀ ’ਚ ਅੱਗੇ ਆਉਣ ਲਈ ਸੱਦਾ ਦਿੱਤਾ ਤੇ ਰੈਲੀਆਂ ’ਚ ਹਾਜ਼ਰੀ ਭਰਨ ਦੀ ਅਪੀਲ ਕੀਤੀ। ਉਨ੍ਹਾਂ ਭਾਰਤ ਭੂਸ਼ਣ ਆਸ਼ੂ ਤੇ ਨਿਸ਼ਾਨ ਸਾਧਿਆ ਕਿ ਜਨਤਕ ਤੌਰ ’ਤੇ ਪ੍ਰਿੰਸੀਪਲ ਔਰਤ ਨੂੰ ਬੇਇੱਜਤ ਕਰਨ ਵਾਲਾ ਆਸ਼ੂ ਕਦੇ ਵੀ ਔਰਤਾਂ ਨੂੰ ਸਨਮਾਨ ਨਹੀਂ ਦੇ ਸਕਦਾ। ਉਨ੍ਹਾਂ ਆਪ ਉਮੀਦਵਾਰ ਸੰਜੀਵ ਅਰੋੜਾ ਨੂੰ ਵਧ ਚੜ੍ਹ ਕੇ ਸਹਿਯੋਗ ਤੇ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਮਿਠਬੋਲੜੇ ਸੰਜੀਵ ਅਰੋੜਾ ਨਰਮ ਸੁਭਾ ਦੀ ਸ਼ਖਸੀਅਤ ਹਨ।



