ਘਸੋਖਾਨਾ ਪਾਈਪ ਲਾਈਨ ਮਾਮਲੇ ’ਚ ਜੂਸ ਪਿਆ ਕੇ ਕਿਸਾਨਾਂ ਦਾ ਤੁੜਵਾਇਆ ਮਰਨ ਵਰਤ, ਗ੍ਰਿਫ਼ਤਾਰ ਕੀਤੇ ਸਾਰੇ ਕਿਸਾਨ ਹੋਣਗੇ ਬਿਨਾਂ ਸ਼ਰਤ ਰਿਹਾਅ

ਬਠਿੰਡਾ, 6 ਜੂਨ : ਜ਼ਿਲ੍ਹੇ ਦੇ ਪਿੰਡ ਘਸੋਖਾਨਾ ’ਚ ਮੌੜ ਮੰਡੀ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਪਾਈ ਜਾ ਰਾਹੀ ਪਾਈਪ ਲਾਇਨ ਦਾ ਮਸਲਾ ਸੁਲਝ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਕਾਕਾ ਸਿੰਘ ਕੋਟੜਾ ਦੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੋਈ ਮੀਟਿੰਗ ਤੋਂ ਬਾਅਦ ਦੋਵਾਂ ਧਿਰਾਂ ’ਚ ਸਹਿਮਤੀ ਬਣ ਗਈ ਹੈ। ਇਸ ਤੋਂ ਬਾਅਦ ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸਮੇਤ ਛੇ ਕਿਸਾਨਾਂ ਨੇ ਆਪਣਾ ਮਰਨ ਵਰਤ ਤੇ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਦੋਵਾਂ ਕਿਸਾਨ ਆਗੂਆਂ ਨੇ ਬਠਿੰਡਾ ਦੇ ਸਿਵਲ ਹਸਪਤਾਲ ’ਚ ਪੁੱਜ ਕੇ ਜੂਸ ਪਿਲਾਉਂਦਿਆਂ ਕਿਸਾਨ ਆਗੂਆਂ ਦਾ ਮਰਨ ਵਰਤ ਖਤਮ ਕਰਵਾਇਆ। ਜ਼ਿਕਰਯੋਗ ਹੈ ਕਿ ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਗੰਦੇ ਪਾਣੀ ਦੀ ਨਿਕਾਸੀ ਲਈ ਘਸੋਖਾਨਾ ’ਚ ਪਾਈ ਜਾ ਰਹੀ ਪਾਈਪ ਲਾਈਨ ਦਾ ਵਿਰੋਧ ਕੀਤਾ ਸੀ। ਇਸ ਦੌਰਾਨ ਪੁਲਿਸ ਨੇ ਸੈਂਕੜੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ’ਚ ਬੰਦ ਕਰ ਦਿੱਤਾ ਸੀ। ਕਰੀਬ ਛੇ ਦਿਨ ਪਹਿਲਾਂ ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਤੇ ਉਨ੍ਹਾਂ ਦੇ ਪੰਜ ਸਾਥੀਆਂ ਨੂੰ ਜੇਲ੍ਹ ’ਚੋਂ ਰਿਹਾਅ ਕੀਤਾ ਗਿਆ ਤਾਂ ਉਹ ਡੀਸੀ ਦਫਤਰ ਅੱਗੇ ਭੁੱਖ ਹੜਤਾਲ ’ਤੇ ਬੈਠ ਗਏ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ। ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਭੁੱਖ ਹੜਤਾਲ ਨੂੰ ਮਰਨ ਵਰਤ ’ਚ ਤਬਦੀਲ ਕਰ ਦਿੱਤਾ। ਇਸ ਦੌਰਾਨ ਸੰਦੋਹਾ ਦੀ ਹਾਲਤ ਵਿਗੜ ਜਾਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੀ ਹਰਕਤ ’ਚ ਆਇਆ।



