
ਅੰਮ੍ਰਿਤਸਰ, 4 ਜੂਨ : ਪਿੰਡ ਬੋਪਾਰਾਏ ਬਾਜ ਸਿੰਘ ਵਿਚ ਇਕ ਪਿਓ ਨੇ ਘਰੋਂ ਨੱਠੀ ਆਪਣੀ ਬੇਟੀ ਤੇ ਉਸ ਦੇ ਪ੍ਰੇਮੀ ਦੀ ਵਹਿਸ਼ੀਆਨਾ ਢੰਗ ਨਾਲ ਹੱਤਿਆ ਕਰ ਦਿੱਤੀ। ਉਸ ਨੇ ਪਹਿਲਾਂ ਦੋਵਾਂ ਨੂੰ ਕਰੰਟ ਲਾਇਆ ਅਤੇ ਉਸ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਦੋਵਾਂ ਦੀ ਹੱਤਿਆ ਕਰ ਦਿੱਤੀ। ਹੱਤਿਆ ਕਰਨ ਤੋਂ ਬਾਅਦ ਪਿਤਾ ਨੇ ਖ਼ੁਦ ਹੀ ਥਾਣਾ ਲੋਪੋਕੇ ਵਿਚ ਆਤਮ-ਸਮਰਪਣ ਕਰ ਦਿੱਤਾ। ਥਾਣੇ ਵਿਚ ਪੁਲਿਸ ਸਾਹਮਣੇ ਮੁਲਜ਼ਮ ਨੇ ਦੋਵਾਂ ਦੀ ਹੱਤਿਆ ਕਰਨ ਦੀ ਗੱਲ ਮੰਨੀ। ਮੁਲਜ਼ਮ ਨੇ ਗ਼ੈਰਤ ਖ਼ਾਤਰ ਦੋਵਾਂ ਦੀ ਹੱਤਿਆ ਕੀਤੀ। ਜੋਬਨਦੀਪ ਸਿੰਘ (24) ਨਿਵਾਸੀ ਪਿੰਡ ਕਾਕੜ ਪਿੰਡ ਬੋਪਾਰਾਏ ਬਾਜ ਸਿੰਘ ਦੇ ਨੇੜੇ ਤੋਂ ਲੰਘ ਰਹੀ ਸੜਕ ’ਤੇ ਮਿੱਟੀ ਪਾਉਣ ਦਾ ਕੰਮ ਕਰਦਾ ਸੀ। ਇਸ ਸੜਕ ਦੇ ਕੋਲ ਹੀ ਗੁਰਦਿਆਲ ਸਿੰਘ ਦਾ ਘਰ ਹੈ। ਜੋਬਨਦੀਪ ਦੀ ਮੁਲਾਕਾਤ ਗੁਰਦਿਆਲ ਦੀ ਬੇਟੀ ਸੁਖਪ੍ਰੀਤ ਕੌਰ (22) ਨਾਲ ਹੋਈ। ਦੋਵਾਂ ਵਿਚ ਪਿਆਰ ਹੋ ਗਿਆ। ਐਤਵਾਰ ਨੂੰ ਦੋਵੇਂ ਘਰ ਤੋਂ ਨੱਠ ਗਏ। ਗੁਰਦਿਆਲ ਤੇ ਉਸ ਦੇ ਪਰਿਵਾਰਕ ਮੈਂਬਰ ਦੋਵਾਂ ਦੀ ਤਲਾਸ਼ ਵਿਚ ਸਨ। ਸੋਮਵਾਰ ਨੂੰ ਦੋਵੇਂ ਕੋਰਟ ਮੈਰਿਜ ਕਰਵਾਉਣ ਲਈ ਕਚਹਿਰੀ ਗਏ। ਉੱਥੇ ਕਿਸੇ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਦੇਖ ਲਿਆ ਅਤੇ ਲੜਕੀ ਦੇ ਪਰਿਵਾਰ ਨੂੰ ਦੱਸ ਦਿੱਤਾ। ਲੜਕੀ ਦੇ ਪਰਿਵਾਰ ਵਾਲੇ ਦੋਵਾਂ ਨੂੰ ਇਹ ਕਹਿੰਦੇ ਹੋਏ ਘਰ ਲੈ ਆਏ ਕਿ ਦੋਵਾਂ ਦਾ ਰਜ਼ਾਮੰਦੀ ਨਾਲ ਵਿਆਹ ਕਰ ਦਿੱਤਾ ਜਾਵੇਗਾ। ਜਿਵੇਂ ਹੀ ਦੋਵੇਂ ਘਰ ਪੁੱਜੇ ਤਾਂ ਗੁਰਦਿਆਲ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਦੋਵਾਂ ਨੂੰ ਬਿਜਲੀ ਦਾ ਕਰੰਟ ਲਾ ਕੇ ਅਧਮਰਿਆ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਦੋਵੇਂ ਬੇਸੁੱਧ ਹੋ ਗਏ ਤਾਂ ਤੇਜ਼ਧਾਰ ਹਥਿਆਰ ਨਾਲ ਵੱਢ ਕੇ ਦੋਵਾਂ ਦੀ ਹੱਤਿਆ ਕਰ ਦਿੱਤੀ। ਘਟਨਾ ਬਾਰੇ ਪਤਾ ਲੱਗਦੇ ਹੀ ਚੌਕੀ ਰਾਮਤੀਰਥ ਇੰਚਾਰਜ ਰਛਪਾਲ ਸਿੰਘ ਤੁਰੰਤ ਮੌਕੇ ’ਤੇ ਪੁੱਜੇ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਆਤਮ-ਸਮਰਪਣ ਕਰ ਦਿੱਤਾ ਹੈ। ਇਸ ਮਾਮਲੇ ਵਿਚ ਜੇਕਰ ਹੋਰ ਕਈ ਵੀ ਸ਼ਾਮਲ ਪਾਇਆ ਗਿਆ ਤਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।



