Punjab

ਤੰਬਾਕੂ ਇੱਕ ਧੀਮਾ ਜ਼ਹਿਰ: ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਤੰਬਾਕੂ ਵਿਰੋਧੀ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ 

ਨਥਾਣਾ, 3 ਜੂਨ 2025 :ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਮਿਊਨਿਟੀ ਹੈਲਥ ਸੈਂਟਰ ਨਥਾਣਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਸਿਹਤ ਵਿਭਾਗ ਨਥਾਣਾ ਦੀਆਂ ਸਿਹਤ ਟੀਮਾਂ ਵੱਲੋਂ ‘ਤੰਬਾਕੂ ਵਿਰੋਧੀ’ ਹਫ਼ਤਾਵਾਰੀ ਜਾਗਰੂਕਤਾ ਮੁਹਿੰਮ ਤਹਿਤ ਲੋਕਾਂ ਨੂੰ ਤੰਬਾਕੂ ਦੇ ਮਾਰੂ ਪ੍ਰਭਾਵਾਂ ਸਬੰਧੀ ਸੁਚੇਤ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਤੰਬਾਕੂ ਵਿਰੋਧੀ ਮੁਹਿੰਮ ਵਿਚ ਸਾਥ ਦੇਣ ਦੀ ਅਪੀਲ ਕਰਦਿਆਂ ਡਾ. ਸਰਾਂ ਨੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਹਦਾਇਤ ਕੀਤੀ ਕਿ ਜੋ ਲੋਕ ਤੰਬਾਕੂ ਜਾਂ ਕੋਈ ਵੀ ਨਸ਼ਾ ਛੱਡਣਾ ਚਾਹੁੰਦੇ ਹਨ ਤਾਂ ਉਹ ਆਪਣਾ ਬਣਦਾ ਸਹਿਯੋਗ ਦੇਣ ਅਤੇ ਉਨ੍ਹਾਂ ਦੀ ਇਸ ਵਿੱਚ ਮਦਦ ਕਰਨ। ਉਨ੍ਹਾਂ ਤੰਬਾਕੂ ਦੇ ਦੁਰਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਤੰਬਾਕੂ ਇੱਕ ਧੀਮਾ ਜ਼ਹਿਰ ਹੈ ਜੋ ਨਾ ਸਿਰਫ਼ ਵਿਅਕਤੀ ਦੇ ਜੀਵਨ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ ਸਗੋਂ ਹੌਲੀ-ਹੌਲੀ ਕਈ ਅੰਗਾਂ ਨੂੰ ਵੀ ਨਸ਼ਟ ਕਰ ਦਿੰਦਾ ਹੈ। ਦਿਮਾਗ ਤੰਬਾਕੂ ਵਿੱਚ ਮੌਜੂਦ ਨਿਕੋਟੀਨ ਦਿਮਾਗ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਦਿਮਾਗੀ ਦੌਰਾ ਅਤੇ ਮਾਨਸਿਕ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਸਿਗਰਟ ਵਰਗੇ ਤੰਬਾਕੂ ਉਤਪਾਦ ਮੂੰਹ ਦੇ ਕੈਂਸਰ, ਗਲੇ ਦੇ ਕੈਂਸਰ, ਫੇਫੜਿਆਂ ਦੇ ਕੈਂਸਰ ਅਤੇ ਖੂਨ ਦੇ ਕੈਂਸਰ ਦਾ ਕਾਰਨ ਬਣਦੇ ਹਨ। ਗੁਟਖਾ, ਪਾਨ ਮਸਾਲਾ, ਸਿਗਰਟ, ਬੀੜੀ ਅਤੇ ਹੁੱਕਾ ਵਰਗੀਆਂ ਚੀਜ਼ਾਂ ਵਿੱਚ ਨਿਕੋਟੀਨ ਅਤੇ ਹਾਨੀਕਾਰਕ ਰਸਾਇਣ ਹੁੰਦੇ ਹਨ ਜੋ ਮੂੰਹ ਦੇ ਟਿਸ਼ੂਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਉਹਨਾਂ ਕਿਹਾ ਕਿ ਇਨ੍ਹਾਂ ਚੀਜ਼ਾਂ ਦੀ ਨਿਯਮਤ ਵਰਤੋਂ ਨਾਲ ਕੈਂਸਰ ਸੈੱਲ ਵਿਕਸਤ ਹੁੰਦੇ ਹਨ। ਤੰਬਾਕੂ ਅਤੇ ਤੰਬਾਕੂ ਤੋਂ ਬਣੇ ਪਦਾਰਥਾਂ ਦੇ ਸੇਵਨ ਕਰਨ ਨਾਲ ਸਾਹ, ਦਮਾ, ਚਮੜੀ ਰੋਗ, ਬਲੱਡ ਪ੍ਰੈਸ਼ਰ,ਹਾਰਟ ਅਟੈਕ, ਸ਼ੂਗਰ, ਦਿਮਾਗੀ ਰੋਗ, ਸਰੀਰ ਦੇ ਕਿਸੇ ਵੀ ਅੰਗ ਦਾ ਕੈਂਸਰ, ਗਰਭ ਦੌਰਾਨ ਪਲ ਰਹੇ ਬੱਚੇ ਵਿਚ ਵਿਕਾਰ ਸਮੇਤ ਹੋਰ ਬਹੁਤ ਸਾਰੀਆਂ ਬੀਮਾਰੀਆਂ ਲੱਗ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਿਗਰਟ ਬੀੜੀ ਪੀਣ ਵਾਲਾ ਵਿਅਕਤੀ ਆਪਣੇ ਆਲੇ-ਦੁਆਲੇ ਜਾਂ ਪਰਿਵਾਰਕ ਮੈਂਬਰਾਂ ਦਾ ਪੈਸਿਵ ਸਮੋਕਰ ਬਣ ਕੇ ਨੁਕਸਾਨ ਕਰਦਾ ਹੈ। ਮੂੰਹ ਅਤੇ ਦੰਦ ਇਸ ਨਾਲ ਦੰਦਾਂ ਦੇ ਸੜਨ ਅਤੇ ਮਸੂੜਿਆਂ ਦੀ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ। ਤੰਬਾਕੂ ਚਬਾਉਣ ਨਾਲ ਮੂੰਹ ਦਾ ਕੈਂਸਰ, ਮਸੂੜਿਆਂ ਦੀ ਬਿਮਾਰੀ, ਸਾਹ ਦੀ ਬਦਬੂ ਅਤੇ ਦੰਦਾਂ ਦਾ ਪੀਲਾਪਣ ਹੋ ਸਕਦਾ ਹੈ।ਪੇਟ ਤੰਬਾਕੂ ਦਾ ਸੇਵਨ ਤੁਹਾਡੇ ਪਾਚਨ ਪ੍ਰਣਾਲੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਪੇਟ ਦਰਦ, ਅਲਸਰ ਅਤੇ ਪਾਚਨ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਉਹਨਾਂ ਕਿਹਾ ਕਿ ਤੰਬਾਕੂ ਦੀ ਵਰਤੋਂ ਜਿਗਰ ਨੂੰ ਗੰਭੀਰ ਰੂਪ ਵਿੱਚ ਨੁਕਸਾਨ ਪਹੁੰਚਾ ਸਕਦੀ ਹੈ, ਜਿਸ ਨਾਲ ਫੈਟੀ ਜਿਗਰ ਦੀ ਬਿਮਾਰੀ, ਜਿਗਰ ਸਿਰੋਸਿਸ, ਹੈਪੇਟਾਈਟਸ ਅਤੇ ਜਿਗਰ ਦੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਤੰਬਾਕੂ ਅੱਖਾਂ ਦੀ ਰੌਸ਼ਨੀ ਨੂੰ ਕਮਜ਼ੋਰ ਕਰਦਾ ਹੈ ਅਤੇ ਮੋਤੀਆਬਿੰਦ ਵਰਗੀਆਂ ਸਮੱਸਿਆਵਾਂ ਜਲਦੀ ਵਿਕਸਤ ਹੋਣ ਲੱਗਦੀਆਂ ਹਨ। ਬਲਾਕ ਐਜੂਕੇਟਰ ਪਵਨਜੀਤ ਕੌਰ ਨੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਬੱਚਿਆਂ ਨਾਲ ਅਜਿਹੇ ਨਸ਼ਿਆਂ ਬਾਰੇ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਅੱਜਕੱਲ੍ਹ ਬਹੁਤ ਸਾਰੇ ਅਜਿਹੇ ਪਦਾਰਥ ਬਜ਼ਾਰਾਂ ਵਿਚ ਲੁਭਾਊ ਤਰੀਕਿਆਂ ਨਾਲ ਪੇਸ਼ ਕੀਤੇ ਜਾ ਰਹੇ ਹਨ ਜਿਸਦਾ ਕਿ ਬੱਚੇ ਅਣਜਾਣੇ ਵਿਚ ਵੀ ਵਰਤੋਂ ਕਰਨ ਨਾਲ ਆਦੀ ਹੋ ਸਕਦੇ ਹਨ। ਇਸ ਲਈ ਬੱਚਿਆਂ ਅਤੇ ਮਾਪਿਆਂ ਦਾ ਖਾਣ-ਪੀਣ ਦੀਆਂ ਅਜਿਹੀਆਂ ਵਸਤਾਂ ਪ੍ਰਤੀ ਸੁਚੇਤ ਹੋਣਾ ਜ਼ਰੂਰੀ ਹੈ, ਜਿਨ੍ਹਾਂ ਵਿੱਚ ਨਿਕੋਟੀਨ ਜਾਂ ਕੈਫੀਨ ਆਦਿ ਦੀ ਮਾਤਰਾ ਪਾਈ ਜਾਂਦੀ ਹੈ। ਸੀ. ਐਚ. ਓ ਵੀਰਪਾਲ ਕੌਰ ਨੇ ਕਿਹਾ ਕਿ ਤੰਬਾਕੂ ਜਾਂ ਇਸ ਤੋਂ ਬਣੀਆਂ ਚੀਜ਼ਾਂ ਦੇ ਸਿਹਤ ਉਤੇ ਪੈਣ ਵਾਲੇ ਦੁਰਪ੍ਰਭਾਵਾਂ ਨੂੰ ਸਮਝਦੇ ਹੋਏ ਬੁਰੀ ਆਦਤ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਸਰਕਾਰੀ ਹਸਪਤਾਲਾਂ ਵਿਚ ਹਰ ਤਰ੍ਹਾਂ ਦਾ ਤੰਬਾਕੂ ਬਿਨਾਂ ਕਿਸੇ ਤਕਲੀਫ ਤੋਂ ਮੁਫ਼ਤ ਛੁਡਾਇਆ ਜਾਂਦਾ ਹੈ। ਇਸ ਮੌਕੇ ਸਿਹਤ ਸਟਾਫ਼ ਸਮੇਤ ਆਸ਼ਾ ਵਰਕਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button