Punjab

ਬਟਾਲਾ ਪੁਲਿਸ ਵੱਲੋਂ ਪੰਜਾਬ ਦੇ ਸਰਗਰਮ 5 ਗੈਂਗਸਟਰਾਂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ

ਬਟਾਲਾ ਪੁਲਿਸ ਨੇ ਗੈਂਗਸਟਰਾਂ ਦੀਆਂ ਅਪਰਾਧਿਕ ਅਤੇ ਸਮਾਜ ਵਿਰੋਧੀ ਗਤੀਵਿਧੀਆਂ 'ਤੇ ਰੋਕ ਲਗਾਉਣ ਲਈ ਅੰਤਰਰਾਸ਼ਟਰੀ ਪੱਧਰ 'ਤੇ ਕਾਰਵਾਈ ਕਰਨ ਵਿਚ ਸਫ਼ਲਤਾ ਹਾਸਲ ਕੀਤੀ

ਬਟਾਲਾ, 31 ਮਈ 2025 – ਬਟਾਲਾ ਪੁਲਿਸ ਨੇ ਗੈਂਗਸਟਰਾਂ ਦੀਆਂ ਅਪਰਾਧਿਕ ਅਤੇ ਸਮਾਜ ਵਿਰੋਧੀ ਗਤੀਵਿਧੀਆਂ ‘ਤੇ ਰੋਕ ਲਗਾਉਣ ਲਈ ਅੰਤਰਰਾਸ਼ਟਰੀ ਪੱਧਰ ‘ਤੇ ਕਾਰਵਾਈ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਗਈ ਹੈ।ਐੱਸ.ਐੱਸ.ਪੀ ਬਟਾਲਾ ਸ਼੍ਰੀ ਸੁਹੇਲ ਕਾਸਿਮ ਮੀਰ ਦੇ ਯਤਨਾਂ ਸਦਕਾ ਬਟਾਲਾ ਪੁਲਿਸ ਵੱਲੋਂ ਇੰਟਰਪੋਲ ‘ਤੇ ਵਿਦੇਸ਼ ਬੈਠੇ 05 ਨਾਮੀ ਅਪਰਾਧੀਆਂ/ਗੈਂਗਸਟਰਾਂ ਦੇ ਰੈੱਡ ਕਾਰਨਰ ਨੋਟਿਸ ਪਬਲਿਸ਼ ਕਰਵਾਉਣ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰਤਾਪ ਸਿੰਘ ਸਹੋਤਾ,ਐਸ.ਪੀ (ਡੀ) ਬਟਾਲਾ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਦੌਰਾਨ ਕਈ ਅਪਰਾਧਿਕ ਘਟਨਾਵਾਂ ਦੀ ਕੀਤੀ ਗਈ ਜਾਂਚ ਤੋਂ ਅਪਰਾਧੀਆਂ ਦੇ ਬਦਲਦੇ ਹੋਏ ਖ਼ਤਰਨਾਕ ਤੌਰ-ਤਰੀਕੇ ਸਾਹਮਣੇ ਆਏ ਹਨ, ਜਿਸ ਵਿਚ ਸਥਾਨਿਕ ਗੈਰ-ਸਮਾਜੀ ਅਨਸਰ ਗ੍ਰਨੇਡ ਹਮਲੇ, ਫਿਰੌਤੀ, ਹੱਤਿਆਵਾਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਸ਼ਾਮਿਲ ਰਹੇ ਹਨ। ਅਜਿਹੇ ਅਨਸਰਾਂ ਨੂੰ ਗ੍ਰਿਫ਼ਤਾਰ ਕਰ ਕੇ ਜ਼ੇਲ੍ਹ ਭੇਜਿਆ ਗਿਆ ਹੈ, ਪਰੰਤੂ ਮੁੱਖ ਸਾਜਿਸ਼ਕਰਤਾ ਪਹੁੰਚ ਤੋਂ ਬਾਹਰ ਰਹਿ ਕੇ ਵਿਦੇਸ਼ੀ ਧਰਤੀਆਂ ਤੋਂ ਪੰਜਾਬ ਦੇ ਅਮਨ-ਕਨੂੰਨ ਨੂੰ ਭੰਗ ਕਰਨ ਲਈ ਆਪਣੀਆਂ ਗਤੀਵਿਧੀਆਂ ਚਲਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਰੈੱਡ ਕਾਰਨਰ ਨੋਟਿਸ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੁਲਿਸ ਏਜੰਸੀਆਂ ਨਾਲ ਪੱਤਰ ਵਿਹਾਰ ਅਤੇ ਸਹਿਯੋਗ ਤੋਂ ਬਾਅਦ ਜਾਰੀ ਹੁੰਦੇ ਹਨ। ਇਸ ਤਰ੍ਹਾਂ ਪਹਿਲੀ ਸੂਚੀ ਵਿਚ ਬਟਾਲਾ ਪੁਲਿਸ ਵਲੋਂ ਵਿਦੇਸ਼ ਬੈਠੇ ਗੈਂਗਸਟਰਾਂ ਖਿਲਾਫ਼ ਰੈੱਡ ਕਾਰਨਰ ਨੋਟਿਸ ਜ਼ਾਰੀ ਕਰਵਾਉਣ ਵਿੱਚ ਸਫ਼ਲਤਾ ਹਾਸਿਲ ਕੀਤੀ ਗਈ ਹੈ।ਜਿਨ੍ਹਾਂ ਵਿੱਚ ਹਰਪ੍ਰੀਤ ਸਿੰਘ ਉਰਫ਼ ਹੈਪੀ ਪੱਸ਼ੀਆਂ (25 ਮੁੱਕਦਮੇ), ਪਵਿੱਤਰ ਸਿੰਘ ਉਰਫ਼ ਪਵਿੱਤਰ ਚੌੜਾ (11 ਮੁਕੱਦਮੇ), ਹੁਸਨਦੀਪ ਸਿੰਘ ਉਰਫ਼ ਹੁਸਨਾ (09 ਮੁੱਕਦਮੇ), ਸ਼ਮਸ਼ੇਰ ਸਿੰਘ ਉਰਫ਼ ਹਨੀ (05 ਮੁੱਕਦਮੇ) ਅਤੇ ਹਰੀ ਸਿੰਘ ਉਰਫ਼ ਹੈਰੀ ਨਿੱਜਰ (03 ਮੁਕੱਦਮੇ) ਸ਼ਾਮਿਲ ਹਨ।  ਉਨ੍ਹਾਂ ਅੱਗੇ ਦੱਸਿਆ ਕਿ ਰੈੱਡ ਕਾਰਨਰ ਨੋਟਿਸ ਅਪਰਾਧੀਆਂ ਦੀ ਗ੍ਰਿਫ਼ਤਾਰੀ ਦੇ ਸਬੰਧ ਵਿਚ ਅੰਤਰਰਾਸ਼ਟਰੀ ਪੱਧਰ ‘ਤੇ ਇੰਟਰਪੋਲ ‘ਤੇ ਜਾਰੀ ਕਰਵਾਏ ਜਾਂਦੇ ਹਨ ਅਤੇ ਇਨ੍ਹਾਂ ਅਪਰਾਧੀਆਂ ਦੀ ਹਵਾਲਗੀ ਅਤੇ ਗ੍ਰਿਫ਼ਤਾਰੀ ਵਿੱਚ ਸਹਾਈ ਹੁੰਦਾ ਹੈ। ਬਟਾਲਾ ਪੁਲਿਸ ਸਰਗਰਮੀ ਨਾਲ ਕੇਂਦਰੀ ਏਜੰਸੀਆਂ ਜਿਨਾਂ ਵਿਚ ਐੱਨ.ਆਈ.ਏ., ਆਈ.ਬੀ., ਸੀ.ਬੀ.ਆਈ. ਤੋਂ ਇਲਾਵਾ ਅੰਤਰਰਾਸ਼ਟਰੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਇੰਟਰਪੋਲ ਰਾਹੀਂ ਪੂਰੇ ਸੰਪਰਕ ਵਿੱਚ ਹੈ।

Related Articles

Leave a Reply

Your email address will not be published. Required fields are marked *

Back to top button