Punjab

ਮੁੜ ਵਿਵਾਦਾਂ ‘ਚ ਬਠਿੰਡਾ ਪੁਲਿਸ ! ਸ਼ਿਕਾਇਤ ਲੈਕੇ ਆਏ ਵਿਅਕਤੀ ਨੂੰ ਬੇਰਹਿਮੀ ਨਾਲ ਕੁੱਟਿਆ, ਚੌਕੀ ਇੰਚਾਰਜ ਲਾਈਨ ਹਾਜ਼ਰ

ਬਠਿੰਡਾ, 31 ਮਈ- : ਇਕ ਹਫ਼ਤਾ ਪਹਿਲਾਂ ਸੀਆਈਏ-2 ਸਟਾਫ਼ ‘ਚ ਪੁਲਿਸ ਦੀ ਤਸ਼ੱਦਦ ਕਾਰਨ ਇਕ ਨੌਜਵਾਨ ਦੀ ਮੌਤ ਮਾਮਲੇ ‘ਚ ਬਦਨਾਮ ਬਠਿੰਡਾ ਪੁਲਿਸ ਇਕ ਵਾਰ ਫਿਰ ਵਿਵਾਦਾਂ ‘ਚ ਫਸ ਗਈ ਹੈ। ਹੁਣ ਬਠਿੰਡਾ ਦੀ ਕੈਨਾਲ ਕਾਲੋਨੀ ਥਾਣੇ ਅਧੀਨ ਵਧਰਮਾਨ ਪੁਲਿਸ ਚੌਕੀ ਦੇ ਇੰਚਾਰਜ ਏਐਸਆਈ ਮਨਜੀਤ ਸਿੰਘ ਵੱਲੋਂ ਆਪਣੇ ਸਾਥੀ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਇਕ ਆਟੋ ਚਾਲਕ ਖ਼ਿਲਾਫ਼ ਸ਼ਿਕਾਇਤ ਲੈ ਕੇ ਆਏ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੇ ਉਸਦੀ ਪਗੜੀ ਲਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਤੋਂ ਬਾਅਦ ਚੌਕੀ ਇੰਚਾਰਜ ਵੱਲੋਂ ਕਾਨੂੰਨ ਨੂੰ ਆਪਣੇ ਹੱਥਾਂ ‘ਚ ਲੈਣ ਦੇ ਕਾਰਨ ਗੁੱਸੇ ‘ਚ ਆਏ ਲੋਕਾਂ ਨੇ ਚੌਕੀ ਸਾਹਮਣੇ ਧਰਨਾ ਲਗਾ ਦਿੱਤਾ। ਆਪਣੇ ‘ਤਿੱਖੇ’ ਭਾਸ਼ਣਾਂ ਕਾਰਨ ਸਦਾ ਵਿਵਾਦਾਂ ‘ਚ ਰਹਿਣ ਵਾਲੇ ਇਸ ਪੁਲਿਸ ਅਧਿਕਾਰੀ ਦੀ ਇਸ ਬਦਮਾਸ਼ੀ ਦਾ ਪਤਾ ਲੱਗਣ ‘ਤੇ ਇਲਾਕੇ ਦੇ ਕੌਂਸਲਰ ਤੋਂ ਲੈ ਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਅਤੇ ਅਕਾਲੀ ਦਲ ਦੇ ਆਗੂ ਜਗਦੀਪ ਸਿੰਘ ਗਹਿਰਾ ਸਮੇਤ ਹੋਰ ਪਤਵੰਤੇ ਲੋਕ ਵੀ ਮੌਕੇ ‘ਤੇ ਪਹੁੰਚ ਗਏ। ਇਸ ਤੋਂ ਬਾਅਦ, ਡੀਐਸਪੀ ਸਿਟੀ ਵਨ ਹਰਬੰਸ ਸਿੰਘ ਧਾਲੀਵਾਲ ਤੇ ਕੈਨਾਲ ਕਾਲੋਨੀ ਥਾਣੇ ਦੇ ਐਸਐਚਓ ਹਰਜੀਵਨ ਸਿੰਘ ਪੁਲਿਸ ਚੌਕੀ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ। ਜਾਂਚ ਤੋਂ ਬਾਅਦ ਇਹ ਮਾਮਲਾ ਐਸਐਸਪੀ ਦੇ ਧਿਆਨ’ਚ ਲਿਆਂਦਾ ਗਿਆ। ਐਸਐਸਪੀ ਅਮਨੀਤ ਕੌਂਡਲ ਨੇ ਮੁੱਢਲੀ ਜਾਣਕਾਰੀ ਦੇ ਤੁਰੰਤ ਬਾਅਦ ਚੌਕੀ ਇੰਚਾਰਜ ਏਐਸਆਈ ਮਨਜੀਤ ਸਿੰਘ ਨੂੰ ਲਾਈਨਹਾਜ਼ਰ ਕਰ ਲਿਆ ਤੇ ਉਸਦੇ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਦੌਰਾਨ, ਅਮਰਪੁਰਾ ਨਿਵਾਸੀ ਪੀੜਤ ਅਮਨਦੀਪ ਸਿੰਘ ਕੋਚੀ ਨੇ ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ ਲਈ ਬਠਿੰਡਾ ਦੇ ਇਕ ਹਸਪਤਾਲ ਵਿਚ ਮੈਡੀਕਲ ਜਾਂਚ ਕਰਵਾਈ ਜਿਸ ਵਿਚ ਸੱਟਾਂ ਦੇ ਕੁਝ ਨਿਸ਼ਾਨ ਮਿਲੇ ਹਨ।

Related Articles

Leave a Reply

Your email address will not be published. Required fields are marked *

Back to top button