ਪਾਤੜਾਂ ‘ਚ ਐਕਸਿਸ ਬੈਂਕ ਦੀ ਕੰਧ ਪਾੜ ਕੇ ਲੁੱਟੇ 9 ਲੱਖ, ਸੀਪੀਓ ਤੇ ਸੀਸੀਟੀਵੀ ਕੈਮਰਾ ਦਾ ਡੀਵੀਆਰ ਵੀ ਲੈ ਗਏ ਚੋਰ

ਪਾਤੜਾਂ, 29 ਮਈ- ਪੰਜਾਬ ਹਰਿਆਣਾ ਸਰਹੱਦ ਉੱਤੇ ਸਬ ਡਿਵੀਜ਼ਨ ਪਾਤੜਾਂ ਦੇ ਪਿੰਡ ਸ਼ੇਰਗੜ੍ਹ ਵਿਖੇ ਖਨੌਰੀ ਕੈਥਲ ਮੇਨ ਸੜਕ ਉੱਤੇ ਐਕਸਿਸ ਬੈਂਕ ਦੀ ਨਵੀਂ ਖੇਡ ਬਰਾਂਚ ਵਿੱਚ ਚੋਰਾਂ ਵੱਲੋਂ ਰਾਤ ਸਮੇਂ ਬੈਂਕ ਦੀ ਕੰਧ ਵਿੱਚ ਪਾੜ ਲਾ ਕੇ ਬੈਂਕ ਦੇ ਕੈਸ਼ ਵੋਲਟ ਵਿੱਚੋਂ ਨਗਦੀ, ਇੱਕ ਸੀਪੀਓ ਅਤੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਚੋਰੀ ਕਰ ਕੇ ਲੈ ਜਾਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਡੀਐਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਪੁਲਿਸ ਵੱਲੋਂ ਫੌਰਾਂਸਿਕ ਮਾਹਰਾਂ ਅਤੇ ਖੋਜੀ ਕੁੱਤਿਆਂ ਦੀ ਮਦਦ ਨਾਲ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਦੇ ਨਾਲ-ਨਾਲ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਡੀਐਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਰਾਤ ਸਮੇਂ ਹੋਈ ਵਾਰਦਾਤ ਦਾ ਪਤਾ ਲੱਗਣ ‘ਤੇ ਬੈਂਕ ਮੈਨੇਜਰ ਪ੍ਰਿਤਪਾਲ ਸਿੰਘ ਦੀ ਸ਼ਿਕਾਇਤ ਉੱਤੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਮੁਤਾਬਕ ਬੈਂਕ ਵਿੱਚੋਂ ਕੰਧ ਨੂੰ ਪਾੜ ਲਾ ਕੇ ਬੈਂਕ ਦੇ ਕੈਸ਼ ਵੋਲਟ ਵਿੱਚੋਂ ਕਰੀਬ 9 ਲੱਖ ਰੁਪਏ, ਇੱਕ ਸੀਪੀਓ ਅਤੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਚੋਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕਈ ਵਾਰ ਹਦਾਇਤਾਂ ਦੇ ਬਾਵਜੂਦ ਬੈਂਕ ਵੱਲੋਂ ਇਸ ਬਰਾਂਚ ਵਿੱਚ ਰਾਤ ਸਮੇਂ ਕੋਈ ਵੀ ਗਾਰਡ ਤਾਇਨਾਤ ਨਹੀਂ ਕੀਤਾ ਗਿਆ।



