
ਭਵਾਨੀਗੜ੍ਹ , 29 ਮਈ-ਨੇੜਲੇ ਪਿੰਡ ਘਰਾਚੋਂ ਵਿਖੇ ਬੀਤੀ ਰਾਤ ਮਾਰੂ ਹਥਿਆਰਾਂ ਨਾਲ ਲੈਸ ਵਿਅਕਤੀਆਂ ਨੇ ਇੱਕ ਘਰ ਵਿਚ ਦਾਖ਼ਲ ਹੁੰਦਿਆਂ ਇੱਕ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਸਿਰ ‘ਚ ਕੁਹਾੜੀ ਵੱਜਣ ਕਾਰਨ ਇੱਕ ਬਜ਼ੁਰਗ ਦੀ ਮੌਤ ਹੋ ਗਈ ਜਦੋਂਕਿ ਪਰਿਵਾਰ ਦੀ ਇੱਕ ਔਰਤ ਸਣੇ 4 ਜੀਅ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਇਸ ਸਬੰਧੀ ਕਾਰਵਾਈ ਕਰਦਿਆਂ ਪਿਓ-ਪੁੱਤ ਸਮੇਤ 4 ਵਿਅਕਤੀਆਂ ਤੋਂ ਇਲਾਵਾ 5 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸਤਗੁਰ ਸਿੰਘ ਵਾਸੀ ਪਿੰਡ ਘਰਾਚੋਂ ਨੇ ਪੁਲਸ ਨੂੰ ਦੱਸਿਆ ਕਿ ਉਹ ਇੰਡੀਅਨ ਆਇਲ ਕੰਪਨੀ ਵਿਚ ਟੈਂਕਰ ਹੈਲਪਰ ਵਜੋਂ ਕੰਮ ਕਰਦਾ ਹੈ। ਉਸ ਦਾ ਚਾਚਾ ਲਾਭ ਸਿੰਘ ਆਪਣੀ ਧੀ ਦੇ ਵਿਆਹ ਤੋਂ ਬਾਅਦ ਉਨ੍ਹਾਂ ਨਾਲ ਉਸੇ ਘਰ ‘ਚ ਰਹਿੰਦਾ ਸੀ। ਸਤਗੁਰ ਨੇ ਦੱਸਿਆ ਕਿ ਬੁੱਧਵਾਰ ਰਾਤ 9:30 ਵਜੇ ਦੇ ਕਰੀਬ ਜਦੋਂ ਉਹ ਆਪਣੇ ਘਰ ਵਿਚ ਸੀ ਤਾਂ ਕਾਰ ‘ਚ ਸਵਾਰ ਹੋ ਕੇ ਆਏ ਉਨ੍ਹਾਂ ਦੇ ਗੁਆਂਢੀ ਕੁਲਦੀਪ ਸਿੰਘ ਅਤੇ ਉਸ ਦੇ ਪਿਓ ਦਰਸ਼ਨ ਸਿੰਘ ਅਤੇ ਸੁਖਵੀਰ ਸਿੰਘ, ਪ੍ਰਦੀਪ ਸਿੰਘ ਦੋਵੇੰ ਵਾਸੀ ਪਿੰਡ ਭੁੱਲਰਹੇੜੀ ਸਮੇਤ ਲਗਭਗ 5 ਹੋਰ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਅੰਦਰ ਦਾਖਲ ਹੁੰਦਿਆਂ ਸਾਡੇ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਘਰ ‘ਚ ਦਾਖਲ ਹੋਏ ਵਿਅਕਤੀਆਂ ਕੋਲ ਕੁਹਾੜੀ, ਲੋਹੇ ਦੀ ਪਾਈਪ ‘ਤੇ ਲੱਕੜ ਦੀਆਂ ਸੋਟੀਆਂ ਸਨ।
ਸ਼ਿਕਾਇਤਕਰਤਾ ਮੁਤਾਬਕ, ਉਕਤ ਕੁਲਦੀਪ ਸਿੰਘ ਨੇ ਉਸ ਦੇ ਚਾਚੇ ਲਾਭ ਸਿੰਘ ਦੇ ਸਿਰ ‘ਤੇ ਕੁਹਾੜੀ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦਾ ਚਾਚਾ ਬੇਹੋਸ਼ ਹੋ ਕੇ ਡਿੱਗ ਪਿਆ। ਹਮਲਾਵਰਾਂ ‘ਚੋਂ ਦਰਸ਼ਨ ਸਿੰਘ, ਸੁਖਵੀਰ ਸਿੰਘ, ਪ੍ਰਦੀਪ ਸਿੰਘ ਤੇ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਭਰਾ ਗੁਰਦੀਪ ਸਿੰਘ, ਪਿਤਾ ਕੌਰ ਸਿੰਘ ‘ਤੇ ਮਾਤਾ ਬਲਜੀਤ ਕੌਰ ਸਮੇਤ ਉਸ ਨੂੰ ਵੀ ਲੋਹੇ ਦੀ ਪਾਈਪ ‘ਤੇ ਸੋਟੀਆਂ ਨਾਲ ਵਾਰ ਕਰਕੇ ਜਖ਼ਮੀ ਕਰ ਦਿੱਤਾ। ਸਤਗੁਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੀਆਂ ਚੀਕਾਂ ਸੁਣ ਕੇ ਲੋਕਾਂ ਨੂੰ ਇਕੱਠੇ ਹੁੰਦਿਆਂ ਦੇਖ ਉਕਤ ਸਾਰੇ ਵਿਅਕਤੀ ਆਪਣੀ ਕਾਰ ‘ਚ ਸਵਾਰ ਹੋ ਕੇ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ। ਸਤਗੁਰ ਸਿੰਘ ਨੇ ਦੱਸਿਆ ਕਿ ਬਾਅਦ ਵਿਚ ਉਸ ਦੇ ਭਤੀਜੇ ਪਰਮਜੀਤ ਸਿੰਘ ਨੇ ਪਰਿਵਾਰ ਦੇ ਜਖ਼ਮੀ ਹੋਏ ਮੈਂਬਰਾਂ ਨੂੰ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ, ਜਿੱਥੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਸਾਰੇ ਜਖਮੀਆਂ ਨੂੰ ਸੰਗਰੂਰ ਰੈਫਰ ਕੀਤਾ ਗਿਆ ਜਦੋਂਕਿ ਡਾਕਟਰ ਨੇ ਉਸ ਦੇ ਚਾਚੇ ਲਾਭ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
15 ਦਿਨ ਪਹਿਲਾਂ ਵੀ ਹੋਇਆ ਸੀ ਦੋਵੇਂ ਪਰਿਵਾਰਾਂ ‘ਚ ਝਗੜਾ
ਸਤਗੁਰ ਸਿੰਘ ਨੇ ਦੋਸ਼ ਲਗਾਇਆ ਕਿ ਹਮਲਾਵਰਾਂ ਨੇ ਉਨ੍ਹਾਂ ਦੇ ਪਰਿਵਾਰ ‘ਤੇ ਰੰਜਿਸ਼ਨ ਹਮਲਾ ਕੀਤਾ, ਜਿਸ ਦੀ ਵਜ੍ਹਾ ਉਨ੍ਹਾਂ ਦੇ ਖੇਤ ਦੇ ਨੇੜੇ ਦੱਬੀ ਜਾ ਰਹੀ ਨਹਿਰੀ ਪਾਣੀ ਦੀ ਪਾਈਪਲਾਈਨ ਹੈ। ਉਸ ਨੇ ਦੱਸਿਆ ਕਿ ਜਿਸ ਕਾਰਨ ਲਗਭਗ 15 ਦਿਨ ਪਹਿਲਾਂ ਦੋਵਾਂ ਪਰਿਵਾਰਾਂ ਵਿਚਕਾਰ ਝਗੜਾ ਹੋਇਆ ਤੇ ਹਮਲੇ ਵਾਲੀ ਰਾਤ ਤੋੰ ਪਹਿਲਾਂ ਸ਼ਾਮ ਸਮੇਂ ਵੀ ਕੁਲਦੀਪ ਸਿੰਘ ਤੇ ਦਰਸ਼ਨ ਸਿੰਘ ਦਾ ਉਨ੍ਹਾਂ ਦੇ ਘਰ ਸਾਹਮਣੇ ਸਾਡੇ ਨਾਲ ਝਗੜਾ ਹੋਇਆ ਸੀ। ਦੁਸ਼ਮਣੀ ਕਾਰਨ ਉਕਤ ਵਿਅਕਤੀਆਂ ਨੇ ਉਨ੍ਹਾਂ ਦੇ ਘਰ ‘ਚ ਦਾਖਲ ਹੋ ਕੇ ਹਮਲਾ ਕਰ ਦਿੱਤਾ।
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਫਿਲਹਾਲ ਬਾਕੀ ਹੈ : ਐਸ.ਐਚ.ਓ
ਓਧਰ, ਭਵਾਨੀਗੜ੍ਹ ਦੇ ਐੱਸ.ਐੱਚ.ਓ. ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌੰਪ ਦਿੱਤੀ ਗਈ ਹੈ। ਮਾਮਲੇ ਵਿਚ ਮੁਲਜ਼ਮਾਂ ਦੀ ਗ੍ਰਿਫਤਾਰੀ ਫਿਲਹਾਲ ਬਾਕੀ ਹੈ, ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਲੋਂ ਲਗਾਤਾਰ ਰੇਡ ਕੀਤੀ ਜਾ ਰਹੀ ਹੈ।



