
ਅੰਮ੍ਰਿਤਸਰ, 28 ਮਈ- ਅੰਮ੍ਰਿਤਸਰ ਗ੍ਰਨੇਡ ਧਮਾਕੇ ਵਿਚ ਮਾਰੇ ਗਏ ਨੌਜਵਾਨ ਦੀ ਪਛਾਣ ਨਿਤਿਨ ਕੁਮਾਰ ਵਿਕਾਸ ਨਗਰ ਛੇਹਰਟਾ ਵਜੋਂ ਹੋਈ ਹੈ। ਸਿੱਧੇ ਸੁਭਾਅ ਵਾਲੇ ਨਿਤਿਨ ਦੇ ਪਿਤਾ ਆਟੋ ਰਿਕਸ਼ਾ ਚਲਾਉਂਦੇ ਹਨ। ਵੱਡੀ ਭੈਣ ਪਲਕ ਦਾ ਵਿਆਹ ਡੇਢ ਸਾਲ ਪਹਿਲਾਂ ਹੋਇਆ ਸੀ ਅਤੇ ਉਹ ਮਾਂ ਸੀਮਾ ਦਾ ਲਾਡਲਾ ਸੀ। ਜਦੋਂ ਪੁਲਿਸ ਉਨ੍ਹਾਂ ਦੇ ਘਰ ਪਹੁੰਚੀ ਤਾਂ ਪੂਰਾ ਪਰਿਵਾਰ ਡਰ ਗਿਆ। ਜਦੋਂ ਪੁਲਿਸ ਨੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ, ਤਾਂ ਇਹ ਸਪੱਸ਼ਟ ਸੀ ਕਿ ਪਛਾਣ ਦੇ ਬਾਵਜੂਦ ਪੁਲਿਸ ਜਾਂਚ ਅੱਗੇ ਨਹੀਂ ਵਧਣ ਵਾਲੀ। ਕਿਉਂਕਿ ਨਿਤਿਨ ਨਸ਼ੇ ਦੀ ਲਤ ਕਾਰਨ ਮਾਨਸਿਕ ਤੌਰ ਤੇ ਬਿਮਾਰ ਹੋ ਗਿਆ ਸੀ। ਉਹ ਮੋਬਾਈਲ ਫੋਨ ਵੀ ਨਹੀਂ ਚਲਾ ਸਕਦਾ ਸੀ। ਇੰਨਾ ਹੀ ਨਹੀਂ ਇਲਾਕੇ ਵਿਚ ਉਸ ਦਾ ਕੋਈ ਦੋਸਤ ਵੀ ਨਹੀਂ ਸੀ। ਪਿਤਾ ਰਾਕੇਸ਼ ਕੁਮਾਰ, ਮਾਂ ਅਤੇ ਭੈਣ ਤੋਂ ਇਲਾਵਾ ਉਹ ਕਿਸੇ ਨਾਲ ਗੱਲ ਨਹੀਂ ਕਰਦਾ ਸੀ। ਪਿਤਾ ਕੋਲ ਘਰ ਵਿਚ ਦੋ ਕੀ-ਪੈਡ ਮੋਬਾਈਲ ਫੋਨ ਹਨ। ਨਿਤਿਨ ਇਸ ਨੂੰ ਠੀਕ ਤਰ੍ਹਾਂ ਚਲਾ ਵੀ ਨਹੀਂ ਸਕਦਾ ਸੀ। ਜਦੋਂ ਉਨ੍ਹਾਂ ਨੇ ਟੈਲੀਵਿਜ਼ਨ ’ਤੇ ਆਪਣੇ ਪੁੱਤਰ ਦਾ ਖੂਨ ਨਾਲ ਲੱਥਪੱਥ ਵੀਡੀਓ ਦੇਖਿਆ, ਤਾਂ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋਇਆ ਕਿ ਇਹ ਨਿਤਿਨ ਹੀ ਸੀ। ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਨਿਤਿਨ ਕਿਵੇਂ ਮਜੀਠਾ ਰੋਡ ਬਾਈਪਾਸ ਤੋਂ ਗ੍ਰਨੇਡ ਲੈਣ ਜਾਣ ਤੋਂ ਪਹਿਲਾਂ ਕਿਸ ਅੱਤਵਾਦੀ ਸੰਗਠਨ ਜਾਂ ਗੈਂਗਸਟਰਾਂ ਦੇ ਸੰਪਰਕ ਵਿਚ ਸੀ। ਗ੍ਰਨੇਡ ਚੁੱਕਣ ਤੋਂ ਬਾਅਦ ਉਸ ਨੂੰ ਇਹ ਨਹੀਂ ਦੱਸਿਆ ਗਿਆ ਕਿ ਇਸ ਦੀ ਪਿੰਨ ਨਹੀਂ ਕੱਢਣੀ। ਪਰ ਉਸ ਨੇ ਉਹੀ ਕੀਤਾ ਅਤੇ ਗ੍ਰਨੇਡ ਫਟ ਗਿਆ। ਪੁਲਿਸ ਜਾਂਚ ਵਿਚ ਇਹ ਗੱਲ ਭੇਤ ਹੀ ਰਹਿ ਜਾਵੇਗਾ ਕਿ ਕਿਸ ਅੱਤਵਾਦੀ ਸੰਗਠਨ ਜਾਂ ਗੈਂਗਸਟਰ ਜਾਂ ਉਸ ਦੇ ਕਿਸੇ ਗੁਰਗੇ ਨੇ ਨਿਤਿਨ ਨੂੰ ਗ੍ਰਨੇਡ ਪ੍ਰਾਪਤ ਕਰਨ ਲਈ ਕਿਹਾ ਸੀ ਅਤੇ ਇਹ ਕਿਸ ਨੂੰ ਸਪਲਾਈ ਕੀਤਾ ਜਾਣਾ ਸੀ। ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਮ੍ਰਿਤਕ ਦੀ ਪਛਾਣ ਨਹੀਂ ਕਰ ਸਕੇ। ਇਹ ਮੰਨਿਆ ਜਾ ਰਿਹਾ ਸੀ ਕਿ ਮਾਰਿਆ ਗਿਆ ਅੱਤਵਾਦੀ ਅੰਮ੍ਰਿਤਸਰ ਤੋਂ ਇਲਾਵਾ ਕਿਸੇ ਹੋਰ ਜ਼ਿਲ੍ਹੇ ਦਾ ਹੋ ਸਕਦਾ ਹੈ। ਕਿਉਂਕਿ ਉਸ ਦੀ ਜੇਬ ਵਿੱਚੋਂ ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ ਜੋ ਉਸ ਦੀ ਪਛਾਣ ਕਰਨ ਵਿਚ ਮਦਦ ਕਰ ਸਕੇ। ‘ਪੰਜਾਬੀ ਜਾਗਰਣ’ ਰਾਹੀਂ ਹੀ ਪੁਲਿਸ ਨੂੰ ਨਿਤਿਨ ਦੇ ਘਰ ਦਾ ਪਤਾ ਮਿਲਿਆ। ਬਾਕਸ ਬੰਦ ਸਕੂਲ ’ਚ ਰਹਿ ਰਿਹਾ ਪਰਿਵਾਰ ਨਿਤਿਨ ਦਾ ਪੂਰਾ ਪਰਿਵਾਰ ਵਿਕਾਸ ਨਗਰ ਇਲਾਕੇ ਦੇ ਇਕ ਬੰਦ ਸਕੂਲ ਵਿੱਚ ਰਹਿ ਰਿਹਾ ਹੈ। ਉਸ ਸਕੂਲ ਦੇ ਕਮਰੇ ਕਿਰਾਏ ’ਤੇ ਦਿੱਤੇ ਗਏ ਹਨ। ਜਿੱਥੇ ਇਲਾਕੇ ਦੇ ਅੱਠ ਤੋਂ ਦਸ ਪਰਿਵਾਰ ਰਹਿੰਦੇ ਹਨ। ਇਹ ਖੁਲਾਸਾ ਹੋਇਆ ਹੈ ਕਿ ਨਿਤਿਨ ਕੋਲ ਪੈਸੇ ਵੀ ਨਹੀਂ ਹੁੰਦੇ ਸਨ। ਮੈਡੀਕਲ ਕਾਲਜ ਤੋਂ ਆਪਣੀ ਦਵਾਈ ਲੈਣ ਲਈ ਉਹ ਕਿਸੇ ਵੀ ਆਟੋ ਰਿਕਸ਼ਾ ਚਾਲਕ ਨਾਲ ਮੁਫ਼ਤ ਵਿਚ ਚਲਾ ਜਾਂਦਾ ਸੀ। ਕਿਉਂਕਿ ਉਸ ਦੇ ਪਿਤਾ ਇਕ ਆਟੋ-ਰਿਕਸ਼ਾ ਚਾਲਕ ਸਨ, ਇਸ ਲਈ ਇਲਾਕੇ ਦੇ ਰਿਕਸ਼ਾ ਚਾਲਕ ਉਸ ਨੂੰ ਪਛਾਣਦੇ ਸੀ।



