Punjab

Insta Queen ਦੀ ਵਿਗੜੀ ਤਬੀਅਤ, ਹਸਪਤਾਲ ‘ਚ ਕਰਵਾਇਆ ਦਾਖ਼ਲ

ਬਠਿੰਡਾ, 28 ਮਈ- ਬਰਖਾਸਤ ਮਹਿਲਾ ਪੁਲਿਸ ਕਰਮਚਾਰੀ ਅਮਨਦੀਪ, ਜੋ ਕਿ ਵਿਜੀਲੈਂਸ ਦੇ ਰਿਮਾਂਡ ‘ਤੇ ਸੀ, ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ ਦੀ ਮਹਿਲਾ ਡਾਕਟਰ ਨੇ ਇਸਦੀ ਪੁਸ਼ਟੀ ਕੀਤੀ ਹੈ। ਉਸ ਨੂੰ ਪੇਟ ‘ਚ ਦਰਦ ਹੋਣ ਦੀ ਸ਼ਿਕਾਇਤ ਮਗਰੋਂ ਹੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਪੰਜਾਬ ਪੁਲਿਸ ਦੀ ਮਹਿਲਾ ਮੁਲਾਜ਼ਮ ਅਮਨਦੀਪ ਕੌਰ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਸੀ। ਵਿਜੀਲੈਂਸ ਦਾ ਦਾਅਵਾ ਹੈ ਕਿ ਅਮਨਦੀਪ ਕੌਰ ਦੀ ਆਮਦਨ ਇਕ ਕਰੋੜ ਅੱਠ ਲੱਖ ਸੈਂਤੀ ਹਜ਼ਾਰ ਪੰਜ ਸੌ ਪੰਜਾਹ ਰੁਪਏ ( 1,08,37,550) ਹੈ, ਪਰ ਉਸਨੇ ਇਕ ਕਰੋੜ ਉਨਤਾਲੀ ਲੱਖ ਚੌਹਠ ਹਜ਼ਾਰ ਅੱਠ ਸੌ ਦੋ ਰੁਪਏ (1,39,64,802) ਰੁਪਏ ਖਰਚ ਕੀਤਾ ਹੈ। ਜੋ ਉਸਦੀ ਜਾਇਜ਼ ਕਮਾਈ ਤੋਂ 29 ਫ਼ੀਸਦੀ ਦੇ ਕਰੀਬ ਵੱਧ ਹੈ। ਪਹਿਲਾਂ ਪੁਲਿਸ ਨੇ ਉਸਨੂੰ 17 ਗ੍ਰਾਮ ਨਸ਼ੀਲੇ ਪਦਾਰਥ (ਚਿੱਟੇ) ਸਮੇਤ ਗ੍ਰਿਫ਼ਤਾਰ ਕੀਤਾ ਸੀ, ਪਰ ਉਹ ਕੁੱਝ ਦਿਨਾਂ ਬਾਅਦ ਜ਼ਮਾਨਤ ’ਤੇ ਜੇਲ੍ਹ ਤੋ ਬਾਹਰ ਆ ਗਈ ਸੀ। ਮਹਿਲਾ ਪੁਲਿਸ ਮੁਲਾਜ਼ਮ ਦੇ ਜੇਲ੍ਹ ਵਿਚ ਬਾਹਰ ਆਉਣ ’ਤੇ ਜਿੱਥੇ ਪੁਲਿਸ ਦੀ ਸੋਸ਼ਲ ਮੀਡੀਆ ’ਤੇ ਕਿਰਕਿਰੀ ਹੋਈ ਸੀ, ਉਥੇ ਅਮਨਦੀਪ ਕੌਰ ਨੇ ਮੁੜ ਸੋਸ਼ਲ ਮੀਡੀਆਂ ’ਤੇ ਆਪਣੀ ਸਰਗਰਮੀ ਵਧਾ ਦਿੱਤੀ ਸੀ। ਇੰਟਰਨੈੱਟ ਮੀਡੀਆ ’ਤੇ ਅਮਨਦੀਪ ਕੌਰ ਦੀ ਸਰਗਰਮੀ ਨੇ ਪੁਲਿਸ ਦੇ ਉਚ ਅਧਿਕਾਰੀਆਂ ਦੀ ਨੀਂਦ ਉਡਾ ਦਿੱਤੀ। ਸੱਤਾ ਦੇ ਗਲਿਆਰਿਆਂ ਵਿਚ ਚਰਚਾ ਹੈ ਕਿ ਅਮਨਦੀਪ ਕੌਰ ਦੀ ਮੁੜ ਗ੍ਰਿਫ਼ਤਾਰੀ ਉਸਦੀ ਸੋਸ਼ਲ ਮੀਡੀਆ ’ਤੇ ਸਰਗਰਮੀ ਨੂੰ ਰੋਕਣ ਲਈ ਹੀ ਕੀਤੀ ਗਈ ਹੈ। ਸੂਤਰ ਦੱਸਦੇ ਹਨ ਕਿ ਨਾਰਕੋਟਿਕਸ ਐਕਟ (ਐਨਡੀਪੀਐੱਸ) ਵਿਚ ਜ਼ਮਾਨਤ ਮਿਲਣ ਉਪਰੰਤ ਅਮਨਦੀਪ ਕੌਰ ਨੇ ਸੂਬਾ ਸਰਕਾਰ ਅਤੇ ਵਿਜੀਲੈਂਸ ਨੂੰ ਨਿਸ਼ਾਨੇ ’ਤੇ ਲਿਆ। ਉਸਦੀ ਕੁੱਝ ਨਿੱਜੀ ਚੈਨਲਾਂ ਨੂੰ ਦਿੱਤੀ ਇੰਟਰਵਿਊ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੀ ਸੀ। ਦੱਸਿਆ ਜਾਂਦਾ ਹੈ ਕਿ ਮਹਿਲਾ ਪੁਲਿਸ ਮੁਲਾਜ਼ਮ ਦੇ ਉਚ ਅਧਿਕਾਰੀਆਂ ਨਾਲ ਚੰਗੇ ਸਬੰਧ ਹਨ। ਵੱਡੇ ਅਫ਼ਸਰਾਂ ਨਾਲ ਸਬੰਧ ਹੋਣ ਕਰਕੇ ਹੀ ਉਹ ਐਸ਼ੋ ਅਰਾਮ ਦੀ ਜ਼ਿੰਦਗੀ ਜੀਅ ਰਹੀ ਸੀ। ਪੁਲਿਸ ਦੇ ਉਚ ਅਧਿਕਾਰੀਆਂ ਨੂੰ ਡਰ ਸਤਾ ਰਿਹਾ ਸੀ ਕਿ ਉਹ ਆਗਾਮੀ ਦਿਨਾਂ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਕੋਈ ਅਜਿਹੀ ਗੱਲ ਨਾ ਕਰ ਦੇਵੇ ਜਿਸ ਨਾਲ ਸਰਕਾਰ ਜਾਂ ਪੁਲਿਸ ਦੇ ਵੱਡੇ ਅਫ਼ਸਰਾਂ ਲਈ ਸਿਰਦਰਦੀ ਪੈਦਾ ਹੋਵੇ। ਲੁਧਿਆਣਾ ਜ਼ਿਮਨੀ ਚੋਣ ਦਾ ਐਲਾਨ ਹੋ ਚੁੱਕਾ ਹੈ, ਜਿਸ ਕਰਕੇ ਸਰਕਾਰ ਕੋਈ ਖਤਰਾ ਮੁੱਲ ਲੈਣ ਨੂੰ ਤਿਆਰ ਨਹੀਂ ਹੈ। ਸੱਤਾ ਦੇ ਗਲਿਆਰਿਆਂ ਵਿਚ ਚਰਚਾ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪੁਲਿਸ ਨੇ ਅਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰਕੇ ਉਸਨੂੰ ਮੀਡੀਆ ਵਿਚ ਆਉਣ ਤੋਂ ਰੋਕਣ ਦਾ ਯਤਨ ਕੀਤਾ ਹੈ। ਚਰਚਾ ਇਹ ਵੀ ਹੈ ਕਿ ਹੁਣ ਉਸਨੂੰ ਸਿੱਧੇ-ਅਸਿੱਧੇ ਢੰਗ ਨਾਲ ਇਹ ਸਮਝਾਉਣ ਦਾ ਵੀ ਯਤਨ ਕੀਤਾ ਜਾਵੇਗਾ ਕਿ ਉਹ ਮੀਡੀਆ ਵਿਚ ਨਾ ਜਾਵੇ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨਾਂ ‘ਚ ਇਕ ਆਡਿਓ ਵਾਇਰਲ ਹੋਈ ਸੀ। ਹਾਲਾਂਕਿ ਅਦਾਲਤ ਨੇ ਉਸਨੂੰ ਹਰ ਸੋਸ਼ਲ ਸਾਈਟ ਤੋ ਹਟਾਉਣ ਦੇ ਆਦੇਸ਼ ਜਾਰੀ ਕੀਤੇ ਸਨ ਪਰ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਆਡਿਓ ਨੂੰ ਲੈ ਕੇ ਇਕ ਪੁਲਿਸ ਅਧਿਕਾਰੀ ’ਤੇ ਦੋਸ਼ ਲਾਏ ਸਨ ਅਤੇ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ।

Related Articles

Leave a Reply

Your email address will not be published. Required fields are marked *

Back to top button