ਆਨਲਾਈਨ ਪਾਦਰੀ ਦੇ ਇਸ਼ਕ ’ਚ ਡੁੱਬੀ ਸੁਨੀਤ਼ਾ ਸਰਹੱਦ ਪਾਰ ਕਰਕੇ ਪਹੁੰਚੀ ਸੀ ਪਾਕਿਸਤਾਨ, ਪਾਕਿ ਰੇਂਜਰਾਂ ਨੇ ਕੀਤਾ ਗ੍ਰਿਫ਼ਤਾਰ

ਅੰਮ੍ਰਿਤਸਰ, 28 ਮਈ- ਆਨਲਾਈਨ ਇਸ਼ਕ ਦੇ ਚੱਕਰ ’ਚ ਫਸ ਕੇ ਪਾਕਿਸਤਾਨ ਪਹੁੰਚ ਗਈ ਨਾਗਪੁਰ ਦੀ 43 ਸਾਲਾ ਸੁਨੀਤਾ ਜਮਗੜੇ ਨੂੰ ਅੰਮ੍ਰਿਤਸਰ ਪੁਲਿਸ ਨੇ ਪੰਜਵੇਂ ਦਿਨ ਨਾਗਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਇੱਥੇ ਘਰਿੰਡਾ ਥਾਣੇ ਵਿਚ ਉਸ ਦੇ ਖ਼ਿਲਾਫ਼ ਜ਼ੀਰੋ ਐੱਫਆਈਆਰ ਦਰਜ ਕੀਤੀ ਗਈ ਹੈ। ਥਾਣਾ ਅਫ਼ਸਰ ਅਮਨਦੀਪ ਸਿੰਘ ਨੇ ਦੱਸਿਆ ਕਿ ਨਾਗਪੁਰ ਤੋਂ ਚਾਰ ਪੁਲਿਸ ਮੁਲਾਜਮ ਜਿਨ੍ਹਾਂ ’ਚ ਦੋ ਔਰਤਾਂ ਤੇ ਦੋ ਪੁਰਸ਼ ਉਸ ਨੂੰ ਲੈਣ ਲਈ ਆਏ ਸਨ। ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਪੁਲਿਸ ਟੀਮ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਸਰਹੱਦ ਪਾਰ ਦੀਆਂ ਪ੍ਰੇਮ ਕਹਾਣੀਆਂ ਅਕਸਰ ਖ਼ਬਰਾਂ ’ਚ ਰਹਿੰਦੀਆਂ ਹਨ। ਕਈ ਵਾਰ ਪਾਕਿਸਤਾਨੀ ਔਰਤਾਂ ਭਾਰਤੀ ਮਰਦਾਂ ਨਾਲ ਪਿਆਰ ’ਚ ਪੈ ਜਾਂਦੀਆਂ ਹਨ ਅਤੇ ਕਈ ਵਾਰ ਪਾਕਿਸਤਾਨੀ ਮਰਦ ਭਾਰਤੀ ਔਰਤਾਂ ਨੂੰ ਆਪਣੇ ਪਿਆਰ ਦੇ ਜਾਲ ’ਚ ਫਸਾਉਣ ਦੀਆਂ ਕੋਸ਼ਿਸ਼ਾਂ ਕਰਦੇ ਹਨ। ਮਹਾਰਾਸ਼ਟਰ ਦੇ ਨਾਗਪੁਰ ਦੀ ਰਹਿਣ ਵਾਲੀ 43 ਸਾਲਾ ਔਰਤ ਸੁਨੀਤਾ ਜਮਗੜੇ ਪਿਆਰ ’ਚ ਪਾਗਲ ਹੋ ਕੇ ਇਕ ਪਾਕਿਸਤਾਨੀ ਪਾਦਰੀ ਦੇ ਸੰਪਰਕ ਵਿਚ ਆਨਲਾਈਨ ਆਈ ਤੇ ਉਸ ਨਾਲ ਪਿਆਰ ਹੋ ਗਿਆ। ਉਹ ਆਪਣੇ 12 ਸਾਲ ਦੇ ਪੁੱਤਰ ਨਾਲ ਘੁੰਮਣ ਦੇ ਬਹਾਨੇ ਲੇਹ-ਲਦਾਖ ਪਹੁੰਚੀ। ਉਸ ਦੀ ਇੱਛਾ ਸੀ ਕਿ ਉਹ ਪਾਕਿਸਤਾਨ ਦੇ ਪਾਦਰੀ ਨੂੰ ਮਿਲਣ ਦੀ ਸੀ। 14 ਮਈ ਨੂੰ ਸੁਨੀਤਾ ਆਪਣੇ ਪੁੱਤਰ ਨੂੰ ਹੋਟਲ ਦੇ ਕਮਰੇ ’ਚ ਛੱਡ ਕੇ ਕਾਰਗਿਲ ਦੇ ਸਰਹੱਦੀ ਪਿੰਡ ਹੰਦਰਮਨ ਤੋਂ ਸਰਹੱਦ ਪਾਰ ਕਰਕੇ ਪਾਕਿਸਤਾਨ ਚਲੀ ਗਈ। ਉੱਥੇ ਪਾਕਿਸਤਾਨੀ ਰੇਂਜਰਾਂ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ’ਤੇ ਪੁੱਛਗਿੱਛ ਤੋਂ ਬਾਅਦ ਜਦੋਂ ਸੁਨੀਤਾ ਨੇ ਆਪਣੇ ਇਰਾਦੇ ਦੱਸੇ ਤਾਂ ਸ਼ਾਇਦ ਪਹਿਲੀ ਵਾਰ ਪਾਕਿਸਤਾਨੀ ਰੇਂਜਰਾਂ ਨੇ ਉਸ ਨੂੰ ਅਟਾਰੀ ਸਰਹੱਦ ’ਤੇ ਸੀਮਾ ਸੁਰੱਖਿਆ ਬਲ ਦੇ ਹਵਾਲੇ ਕਰ ਦਿੱਤਾ। ਜਦੋਂ ਸੀਮਾ ਸੁਰੱਖਿਆ ਬਲ ਨੇ ਸੁਨੀਤਾ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਨੂੰ ਪਾਕਿਸਤਾਨ ’ਚ ਰਹਿਣ ਵਾਲੇ ਇਕ ਪਾਦਰੀ ਨਾਲ ਪਿਆਰ ਹੈ ਅਤੇ ਉਹ ਉਸ ਨੂੰ ਮਿਲਣ ਲਈ ਸਰਹੱਦ ਪਾਰ ਕਰਕੇ ਆਈ ਸੀ। ਜਦੋਂ ਸੀਮਾ ਸੁਰੱਖਿਆ ਬਲ ਨੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਤਾਂ ਇਹ ਖੁਲਾਸਾ ਹੋਇਆ ਕਿ ਸੁਨੀਤਾ ਨੇ ਇਸ ਸਾਲ ਮਾਰਚ ਵਿਚ ਵੀ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਸਮੇਂ ਬੀਐਸਐਫ ਨੇ ਉਸ ਨੂੰ ਜਾਣ ਨਹੀਂ ਦਿੱਤਾ। ਇਸ ਤੋਂ ਬਾਅਦ ਉਸ ਨੇ ਲੱਦਾਖ ਰਾਹੀਂ ਸਰਹੱਦ ਪਾਰ ਕਰਨ ਦੀ ਯੋਜਨਾ ਬਣਾਈ ਪਰ ਉਹ ਇਸ ਵਿਚ ਵੀ ਸਫਲ ਨਹੀਂ ਹੋ ਸਕੀ। ਦਰਅਸਲ ਉਹ ਆਪਣੇ ਪੁੱਤਰ ਨੂੰ ਹੋਟਲ ਵਿੱਚ ਛੱਡਣ ਤੋਂ ਬਾਅਦ ਅਚਾਨਕ ਗਾਇਬ ਹੋ ਗਈ। ਜਦੋਂ ਕਾਰਗਿਲ ਪੁਲਿਸ ਨੂੰ ਸੁਨੀਤਾ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਜਾਂਚ ਤੋਂ ਪਤਾ ਲੱਗਾ ਕਿ ਸੁਨੀਤਾ ਪਾਕਿਸਤਾਨ ’ਚ ਰਹਿੰਦੇ ਇਕ ਪਾਦਰੀ ਨੂੰ ਮਿਲਣ ਲਈ ਘਰੋਂ ਨਿਕਲੀ ਸੀ ਤੇ ਆਪਣੇ ਪੁੱਤਰ ਨੂੰ ਇਕ ਹੋਟਲ ’ਚ ਛੱਡ ਕੇ ਗ਼ੈਰ-ਕਾਨੂੰਨੀ ਢੰਗ ਨਾਲ ਪਾਕਿਸਤਾਨ ਚਲੀ ਗਈ ਸੀ। ਪਾਕਿਸਤਾਨ ਰੇਂਜਰਾਂ ਨੇ ਸੁਨੀਤਾ ਨੂੰ ਅਟਾਰੀ ਸਰਹੱਦ ’ਤੇ ਸੀਮਾ ਸੁਰੱਖਿਆ ਬਲ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਸੀਮਾ ਸੁਰੱਖਿਆ ਬਲ ਨੇ ਉਸ ਨੂੰ ਘਰਿੰਡਾ ਪੁਲਿਸ ਥਾਣੇ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਸੁਨੀਤਾ ਦੇ ਰਿਸ਼ਤੇਦਾਰਾਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਸੁਨੀਤਾ ਦੇ ਭਰਾ ਸੁਨੀਲ ਜਮਗੜੇ ਨੇ ਕਿਹਾ ਕਿ ਉਸ ਦੀ ਭੈਣ ਮਾਨਸਿਕ ਤੌਰ ’ਤੇ ਬਿਮਾਰ ਹੈ।



