Punjab

ਕਾਤਿਲ ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਫਿਰ ਵਾਪਰਿਆ ਹਾਦਸਾ, 2 ਮੋਟਰਸਾਈਕਲ ਸਵਾਰਾਂ ਦੀ ਮੌਕੇ ‘ਤੇ ਮੌਤ ਤੇ ਇਕ ਦੀ ਹਾਲਤ ਗੰਭੀਰ

ਬਾਲ ਕਿਸ਼ਨ

ਫ਼ਿਰੋਜ਼ਪੁਰ, 26 ਮਈ- ਕਾਤਿਲ ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਪਿੰਡ ਹਾਮਦ ਨੇੜੇ ਇੱਕ ਘੋੜਾ ਟਰਾਲਾ, ਬਲੈਰੋ ਗੱਡੀ ਅਤੇ ਮੋਟਰਸਾਈਕਲ ਦੀ ਹੋਈ ਤਿਕੋਣੀ ਟੱਕਰ ਵਿੱਚ ਤਿੰਨ ਨੌਜਵਾਨਾਂ ਵਿੱਚੋਂ ਦੋ ਦੀ ਮੌਤ ਤੇ ਇਕ ਨੌਜਵਾਨ ਦੇ ਗੰਭੀਰ ਜ਼ਖ਼ਮੀ ਹੋਣ ਦੀ ਖਬਰ ਮਿਲੀ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਘੋੜਾ ਟਰਾਲਾ ਨੰਬਰ (ਆਰਜੇ 07 ਜੀਬੀ 1446) ਫਾਜ਼ਿਲਕਾ ਸਾਈਡ ਤੋਂ ਫਿਰੋਜ਼ਪੁਰ ਨੂੰ ਜਾ ਰਿਹਾ ਸੀ ਅਤੇ ਬਲੈਰੋ ਗੱਡੀ ਨੰਬਰ (ਪੀਬੀ 05 ਐੱਮ 6900) ਫਿਰੋਜ਼ਪੁਰ ਤੋਂ ਆ ਰਹੀ ਸੀ ਜਦੋਂ ਪਿੰਡ ਹਾਮਦ ਨੇੜੇ ਰਿਧਮ ਹੋਟਲ ਕੋਲ ਪਹੁੰਚੇ ਤਾਂ ਬਲੈਰੋ ਗੱਡੀ ਅਚਾਨਕ ਟਰਾਲੇ ਦੇ ਪਿਛਲੇ ਹਿੱਸੇ ਨਾਲ ਟਕਰਾ ਕੇ ਰੋਂਗ ਸਾਈਡ ਚਲੀ ਗਈ ਤੇ ਪ੍ਰਗਟ ਸਾਹਿਬ ਵੱਲੋਂ ਆ ਰਿਹਾ ਮੋਟਰਸਾਈਕਲ ਨੰਬਰ (ਪੀਬੀ 10 ਡੀਕੇ 6259) ਬਲੈਰੋ ਗੱਡੀ ਨਾਲ ਟਕਰਾ ਗਿਆ ਤੇ ਇਹ ਦਰਦਨਾਕ ਹਾਦਸਾ ਵਾਪਰ ਗਿਆ। ਜਿਸ ਨਾਲ ਮੋਟਰ ਸਾਈਕਲ ਸਵਾਰ ਤਿੰਨ ਨੌਜਵਾਨਾਂ ਵਿੱਚੋਂ ਦੋ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਇਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਨ੍ਹਾਂ ਦੀ ਪਛਾਣ ਸ਼ਿਵਾ ਪੁੱਤਰ ਕਸ਼ਮੀਰ ਲਾਲ ਵਾਸੀ ਉੱਤਲਾ ਵੇਹੜਾ, ਪਿੰਡ ਗੁਰੂਹਰਸਹਾਏ ਤੇ ਗੁਰਪ੍ਰੀਤ ਪੁੱਤਰ ਬਲਦੇਵ ਸਿੰਘ ਵਾਸੀ ਵੱਡੀ ਕਾਨਿਆਂ ਵਾਲੀ ਤੇ ਤੀਸਰੇ ਨੌਜਵਾਨ ਦੀ ਅਜੇ ਪਹਿਚਾਣ ਨਹੀਂ ਹੋ ਸਕੀ, ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਦਿਹਾੜੀ ਮਜ਼ਦੂਰੀ ਦਾ ਕੰਮ ਕਰਦੇ ਸਨ ਤੇ ਕੰਮ ਲਈ ਫਿਰੋਜ਼ਪੁਰ ਜਾ ਰਹੇ ਸੀ।ਬਲੈਰੋ ਗੱਡੀ ਸਵਾਰਾਂ ਨੂੰ ਵੀ ਜ਼ਖ਼ਮੀ ਹਾਲਤ ਵਿਚ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਗਿਆ ਹੈ, ਇਸ ਵਾਪਰੇ ਹਾਦਸੇ ਦੌਰਾਨ ਸੜਕ ਸੁਰੱਖਿਆ ਬਲ (ਐੱਸ ਐੱਸ ਐੱਫ)ਤੇ ਥਾਣਾ ਲੱਖੋ ਕੇ ਬਹਿਰਾਮ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟਰਾਲਾ ਚਾਲਕ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਵਾਪਰੇ ਦੁੱਖਦ ਹਾਦਸੇ ਤੇ ਸਮਾਜ ਸੇਵੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਾਦਸੇ ’ਚ ਮਰਨ ਵਾਲਿਆਂ ਦੇ ਪਰਿਵਾਰ ਨੂੰ ਉਚਿੱਤ ਮੁਆਵਜਾ ਦਿੱਤਾ ਜਾਵੇ।

Related Articles

Leave a Reply

Your email address will not be published. Required fields are marked *

Back to top button