Punjab

ਝੋਨੇ ਦੀ ਥਾਂ ਮੱਕੀ ਨੂੰ ਉਤਸ਼ਾਹਤ ਕਰ ਰਹੀ ਸਰਕਾਰ

6 ਜ਼ਿਲ੍ਹਿਆਂ ’ਚ ਚਲਾਇਆ ਪਾਇਲਟ ਪ੍ਰੋਜੈਕਟ, ਏਨੀ ਮਿਲ ਰਹੀ ਸਬਸਿਡੀ

ਜਲੰਧਰ, 25 ਮਈ- ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗਦੇ ਪੱਧਰ ਨੂੰ ਲੈ ਕੇ ਚਿੰਤਤ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਨੇ ਸੂਬੇ ਦੇ ਕਿਸਾਨਾਂ ਨੂੰ ਝੋਨੇ ਦੀ ਖੇਤੀ ਵੱਲੋਂ ਹਟਾ ਕੇ ਸਾਉਣੀ ਰੁੱਤ ਦੀ ਮੱਕੀ ਦੀ ਕਾਸ਼ਤ ਕਰਨ ਲਈ ਉਤਸ਼ਾਹਤ ਕਰਨਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਇਸ ਸਾਲ ਝੋਨੇ ਹੇਠਲਾ ਰਕਬਾ ਘਟਾਉਣ ਲਈ ਸਾਉਣੀ ਰੱਤ ਦੀ ਮੱਕੀ ਹੇਠਲਾ ਰਕਬਾ ਵਧਾਉਣ ਵਾਸਤੇ 6 ਜ਼ਿਲ੍ਹਿਆ ’ਚ ਪਾਇਲਟ ਪ੍ਰੋਜੈਕਟ ਸ਼ੁਰੂ ਚਲਾਇਆ ਹੈ। ਇਸ ਪ੍ਰੋਜੈਕਟ ਤਹਿਤ ਮਾਝਾ, ਮਾਲਵਾ ਤੇ ਦੋਆਬਾ ਖੇਤਰ ਦੇ 2-2 ਜ਼ਿਲ੍ਹਿਆ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ’ਚ ਜਲੰਧਰ, ਕਪੂਰਥਲਾ, ਗੁਰਦਾਸਪੁਰ, ਪਠਾਨਕੋਟ, ਸੰਗਰੂਰ ਤੇ ਬਠਿੰਡਾ ਸ਼ਾਮਲ ਕੀਤੇ ਗਏ ਹਨ। ਵਿਭਾਗ ਦੇ ਅਧਿਕਾਰੀਆ ਮੁਤਾਬਕ ਇਸ ਪਾਇਲਟ ਪ੍ਰੋਜੈਕਟ ਤਹਿਤ ਉਕਤ ਜ਼ਿਲ੍ਹਿਆ ’ਚ ਕਿਸਾਨਾਂ ਨੂੰ 12500 ਹੈਕਟੇਅਰ ਰਕਬੇ ’ਚ ਸਾਉਣੀ ਰੁੱਤ ਦੀ ਮੱਕੀ ਲਾਉਣ ਵਾਸਤੇ ਉਤਸ਼ਾਹ ਕਰਨ ਲਈ ਜੰਗੀ ਪੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ। ਸਰਕਾਰ ਵੱਲੋਂ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ 17500 ਰੁਪਏ ਪ੍ਰਤੀ ਹੈਕਟੇਅਰ ਵਿਸ਼ੇਸ਼ ਸਬਸਿਡੀ ਦਿੱਤੀ ਜਾਵੇਗੀ ਅਤੇ ਮੱਕੀ ਦੀ ਖਰੀਦ ਕਰਨ ਦੀ ਵੀ ਗਾਰੰਟੀ ਦਿੱਤੀ ਜਾ ਰਹੀ ਹੈ। 30 ਜੂਨ ਤੋਂ ਬੀਜੀ ਜਾਣ ਵਾਲੀ ਸਾਉਣੀ ਰੁੱਤ ਦੀ ਮੱਕੀ ਲਈ ਕਿਸਾਨਾਂ ਨੂੰ ਉਤਸ਼ਾਹਤ ਕਰਨ ਵਾਸਤੇ ਖੇਤੀਬਾੜੀ ਵਿਭਾਗ ਦੇ ਅਫਸਰਾਂ ਤੋਂ ਇਲਾਵਾ 200 ਦੇ ਕਰੀਬ ਕਿਸਾਨ ਮਿੱਤਰ ਵੀ ਨਿਯੁਕਤ ਕੀਤੇ ਗਏ ਹਨ, ਜੋ ਲਗਾਤਾਰ ਪਿੰਡਾਂ ’ਚ ਕੈਂਪ ਲਾ ਕੇ ਕਿਸਾਨਾਂ ਨੂੰ ਮੱਕੀ ਦੀ ਕਾਸ਼ਤ ਲਈ ਜਾਗਰੂਕ ਕਰ ਰਹੇ ਹਨ। ਵਿਭਾਗ ਦੇ ਡਾਇਰੈਕਟਰ ਡਾ. ਜਸਵੰਤ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਪਾਣੀ ਦੀ ਸੰਭਾਲ ਲਈ ਬਹੁਤ ਗੰਭੀਰ ਹੈ ਅਤੇ ਇਸੇ ਲਈ ਸਾਉਣੀ ਰੁੱਤ ਦੀ ਮੱਕੀ ਦੀ ਕਾਸ਼ਤ ਨੂੰ ਉਤਸ਼ਾਹਤ ਕਰਨ ਲਈ ਇਹ ਪਾਇਲਟ ਪ੍ਰੋਜੈਕਟ ਚਲਾਇਆ ਗਿਆ ਹੈ। ਪ੍ਰੋਜੈਕਟ ਦੀ ਕਾਮਯਾਬੀ ਨੂੰ ਦੇਖਦੇ ਹੋਏ ਅਗਲੇ ਸਾਲਾਂ ਦੌਰਾਨ ਰਕਬਾ ਵਧਾਇਆ ਜਾਵੇਗਾ ਤਾਂ ਜੋ ਕਿਸਾਨ ਪਾਣੀ ਬਚਾਉਣ ਦੇ ਨਾਲ਼-ਨਾਲ਼ ਖੇਤੀ ਵਿਭਿੰਨਤਾ ਅਪਣਾਉਣ। ਡਾਇਰੈਕਟਰ ਨੇ ਕਿਹਾ ਕਿ ਝੋਨੇ ਦੇ ਮੁਕਾਬਲੇ ਮੱਕੀ ਦੀ ਕਟਾਈ ਤੇ ਕਢਾਈ ਵੀ ਆਸਾਨ ਹੈ ਅਤੇ ਰਹਿੰਦ-ਖੂੰਹਦ ਦੀ ਸਮੱਸਿਆ ਵੀ ਨਹੀਂ ਆਉਂਦੀ। ਇਸ ਲਈ ਪਰਾਲੀ ਨੂੰ ਅੱਗ ਲਗਾਉਣ ਦੀਆ ਘਟਨਾਵਾਂ ’ਚ ਗਿਰਾਵਟ ਆਵੇਗੀ।

ਕੌਣ ਹਨ ਕਿਸਾਨ ਮਿੱਤਰ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਮੁੱਖ ਦਫਤਰ ’ਚ ਤਾਇਨਾਤ ਏਐੱਮਡੀ ਪਰਮਜੀਤ ਸਿੰਘ ਜੋਸਨ ਨੇ ਦੱਸਿਆ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਸਾਉਣੀ ਦੀ ਮੱਕੀ ਪ੍ਰਤੀ ਉਤਸ਼ਾਹਤ ਕਰਨ ਲਈ ਹਰ ਜ਼ਿਲ੍ਹੇ ’ਚ ਕਿਸਾਨ ਮਿੱਤਰ ਨਿਯੁਕਤ ਕੀਤੇ ਗਏ ਹਨ। ਕਿਸਾਨ ਮਿੱਤਰ ਉਹ ਕਿਸਾਨ ਬਣਾਏ ਗਏ ਜੋ ਪਹਿਲਾਂ ਹੀ ਸਾਉਣੀ ਰੁੱਤ ਦੀ ਮੱਕੀ ਦੀ ਕਾਸ਼ਤ ਕਰਦੇ ਹਨ ਤੇ ਜਿਨ੍ਹਾਂ ਨੂੰ ਇਸ ਦੇ ਫਾਇਦਿਆਂ ਬਾਰੇ ਨਿੱਜੀ ਤਜਰਬਾ ਹੈ। ਕਿਸਾਨ ਮਿੱਤਰ ਦੀ ਉਮਰ 40 ਸਾਲ ਤੋਂ ਘੱਟ ਤੇ ਯੋਗਤਾ 12ਵੀਂ ਤੋਂ ਗਰੈਜੂਏਟ ਤੱਕ ਰੱਖੀ ਗਈ ਹੈ ਤੇ ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 48 ਤੋਂ 72 ਘੰਟੇ ਦੀ ਸਿਖਲਾਈ ਵੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹਰੇਕ ਕਿਸਾਨ ਮਿੱਤਰ ਵੀ 5 ਕਿੱਲੇ ਮੱਕੀ ਦੀ ਬਿਜਾਈ ਕਰੇਗਾ। ਕਿਸਾਨ ਮਿੱਤਰਾਂ ਨੂੰ ਸਰਕਾਰ ਵੱਲੋਂ ਮਾਣਭੱਤਾ ਵੀ ਦਿੱਤਾ ਜਾਵੇਗਾ ਅਤੇ ਹਰੇਕ ਕਿਸਾਨ ਮਿੱਤਰ ਆਪਣੇ ਪਿੰਡ ਦੇ ਕਿਸਾਨਾਂ ਨੂੰ ਮੱਕੀ ਦੀ ਬਿਜਾਈ ਲਈ ਉਤਸ਼ਾਹਤ ਕਰੇਗਾ। ਕਿਸਾਨ ਮਿੱਤਰਾਂ ਦੀ ਅਗਵਾਈ ਵਿਭਾਗ ਬਲਾਕ ਖੇਤੀ ਅਫਸਰ ਕਰ ਰਹੇ ਹਨ।

ਝੋਨੇ ਦੇ ਮੁਕਾਬਲੇ ਤਿੰਨ ਗੁਣਾ ਘੱਟ ਲੱਗਦਾ ਹੈ ਪਾਣੀ

ਜਲੰਧਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਰਣਧੀਰ ਸਿੰਘ ਠਾਕੁਰ ਤੇ ਖੇਤੀ ਅਫਸਰ ਹੈੱਡਕੁਆਟਰ ਡਾ. ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਸਾਉਣੀ ਰੁੱਤ ਦੀ ਮੱਕੀ ਦੀ ਬਿਜਾਈ ਜੂਨ ਤੇ ਜੁਲਾਈ ’ਚ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਨੂੰ ਪ੍ਰਤੀ ਏਕੜ 60 ਲੱਖ ਲੀਟਰ ਪਾਣੀ ਲੱਗਦਾ ਹੈ ਜਦੋਂਕਿ ਸਾਉਣੀ ਦੀ ਮੱਕੀ ਨੂੰ ਇਸ ਤੋਂ ਤਿੰਨ ਗੁਣਾ ਘੱਟ ਪਾਣੀ ਲੱਗਦਾ ਹੈ। ਜੇਕਰ ਝੋਨੇ ਨੂੰ 30-40 ਪਾਣੀ ਲੱਗਦੇ ਹਨ ਤਾਂ ਇਸ ਨੂੰ ਸਿਰਫ਼ 7-8 ਪਾਣੀ ਹੀ ਲੱਗਦੇ ਹਨ। ਡਾ. ਰਣਧੀਰ ਸਿੰਘ ਠਾਕੁਰ ਨੇ ਦੱਸਿਆ ਕਿ ਜੂਨ ਦੇ ਅੱਧ ਤੋਂ ਬਾਅਦ ਬਰਸਾਤੀ ਮੌਸਮ ਸ਼ੁਰੂ ਹੋ ਜਾਂਦਾ ਹੈ ਅਤੇ ਮੱਕੀ ਦੇ ਉੱਗਣ ਸਾਰ ਹੀ ਮੀਂਹ ਪੈਣ ਨਾਲ ਇਸ ਨੂੰ ਹੋਰ ਪਾਣੀ ਲਾਉਣ ਦੀ ਲੋੜ ਨਹੀਂ ਪੈਂਦੀ ਹੈ। ਇਸ ਲਈ ਸਾਉਣੀ ਰੁੱਤ ਦੀ ਮੱਕੀ ਨਾਲ ਪਾਣੀ ਦੀ ਵੱਡੇ ਪੱਧਰ ’ਤੇ ਬੱਚਤ ਹੁੰਦੀ ਹੈ। ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਮੱਕੀ ਲਈ ਪ੍ਰਤੀ ਏਕੜ ਬੀਜ 8 ਕਿੱਲੋ ਲੱਗਦਾ ਹੈ ਅਤੇ ਇਸ ਦਾ ਝਾੜ ਪ੍ਰਤੀ ਏਕੜ 20-25 ਕੁਇੰਟਲ ਨਿਕਲਦਾ ਹੈ। ਇਸ ਲਈ ਕਿਸਾਨ ਦੀ ਆਮਦਨ ’ਚ ਝੋਨੇ ਦੇ ਬਰਾਬਰ ਹੀ ਹੁੰਦੀ ਹੈ।

ਬਸੰਤ ਰੁੱਤ ਦੀ ਮੱਕੀ ਲਈ ਵਿਭਾਗ ਨਹੀਂ ਕਰਦਾ ਸਿਫਾਰਸ਼

ਬਸੰਤ ਰੁੱਤ ਦੀ ਮੱਕੀ ਦੀ ਕਾਸ਼ਤ ਬਾਰੇ ਪੁੱਛੇ ਜਾਣ ’ਤੇ ਵਿਭਾਗ ਦੇ ਏਐੱਮਡੀ ਪਰਮਜੀਤ ਸਿੰਘ ਜੋਸਨ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਬਸੰਤ ਰੁੱਤ ਦੀ ਮੱਕੀ ਲਾਉਣ ਲਈ ਕਿਸਾਨਾਂ ਨੂੰ ਸਿਫਾਰਸ਼ ਨਹੀਂ ਕਰਦਾ। ਇਸ ਦਾ ਮੁੱਖ ਕਾਰਨ ਇਹ ਹੈ ਕਿ ਬਸੰਤ ਰੁੱਤ ਦੀ ਮੱਕੀ ਨੂੰ ਪਾਣੀ ਬਹੁਤ ਲਾਉਣਾ ਪੈਂਦਾ ਹੈ ਕਿਉਂਕਿ ਇਸ ਬਿਜਾਈ ਫਰਵਰੀ ’ਚ ਹੁੰਦੀ ਹੈ ਅਤੇ ਇਹ ਜੂਨ ’ਚ ਤਿਆਰ ਹੁੰਦੀ ਹੈ। ਇਸ ਮੌਸਮ ਦੌਰਾਨ ਲਗਾਤਾਰ ਪਾਣੀ ਲਾਉਣਾ ਪੈਂਦਾ ਹੈ। ਇਸ ਲਈ ਕਿਸਾਨਾਂ ਨੂੰ ਬਸੰਤ ਰੁੱਤ ਦੀ ਮੱਕੀ ਦੀ ਬਜਾਏ ਸਾਉਣੀ ਦੀ ਮੱਕੀ ਲਾਉਣ ਲਈ ਵਧੇਰੇ ਉਤਸ਼ਾਹਤ ਕੀਤਾ ਜਾ ਰਿਹਾ ਹੈ।

ਜ਼ਿਲ੍ਹਾ ਰਕਬਾ (ਹੈਕਟੇ.) ਕਿਸਾਨ ਮਿੱਤਰ

ਜਲੰਧਰ 1500 25

ਕਪੂਰਥਲਾ 1500 25

ਗੁਰਦਾਸਪੁਰ 2000 30

ਪਠਾਨਕੋਟ 2000 30

ਬਠਿੰਡਾ 2500 40

ਸੰਗਰੂਰ 3000 50

Related Articles

Leave a Reply

Your email address will not be published. Required fields are marked *

Back to top button