Punjab

ਪੈਸੰਜਰ ਟਰਮੀਨਲ ਖੁੱਲ੍ਹਣ ਮਗਰੋਂ ਸੰਗਤ ਵੱਡੀ ਗਿਣਤੀ ’ਚ ਪੁੱਜੀ

ਡੇਰਾ ਬਾਬਾ ਨਾਨਕ, 24 ਮਈ- ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਖ਼ਿਲਾਫ਼ ਸਖ਼ਤ ਫੈਸਲੇ ਲੈਂਦਿਆਂ ਹੋਇਆਂ ਅਟਾਰੀ ਬਾਰਡਰ ਬੰਦ ਕਰਨ ਤੋਂ ਇਲਾਵਾ ਝੰਡਾ ਤੇ ਡੇਰਾ ਬਾਬਾ ਨਾਨਕ ਦੀ ਸਰਹੱਦ ’ਤੇ ਬਣੇ ਪੈਸੰਜਰ ਟਰਮੀਨਲ ਤੇ ਕਰਤਾਰਪੁਰ ਲਾਂਘਾ ਬੰਦ ਕਰ ਦਿੱਤਾ ਗਿਆ ਸੀ। ਇਸ ਪਿੱਛੋਂ ਮੰਗਲਵਾਰ ਤੋਂ ਅਟਾਰੀ ਬਾਰਡਰ ’ਤੇ ਸ਼ੁਰੂ ਹੋਈ ਰੀਟਰੀਟ ਸੈਰਾਮਨੀ ਤੋਂ ਬਾਅਦ ਸ਼ੁੱਕਰਵਾਰ ਨੂੰ ਡੇਰਾ ਬਾਬਾ ਨਾਨਕ ਦੀ ਸਰਹੱਦ ’ਤੇ ਬਣਿਆ ਪੈਸੰਜਰ ਟਰਮੀਨਲ ਖੋਲ੍ਹ ਦਿੱਤਾ ਗਿਆ। ਜਿੱਥੇ ਅੱਜ ਅੰਤਾਂ ਦੀ ਗਰਮੀ ਦੌਰਾਨ ਸੰਗਤਾ ਟਰਮੀਨਲ ਵੇਖਣ ਪੁੱਜੀ। ਇਸ ਮੌਕੇ ਦੂਰ-ਦੁਰਾਡੇ ਤੋਂ ਆਏ ਸੁਖਦੇਵ ਸਿੰਘ, ਹਰਦੇਵ ਸਿੰਘ, ਮਨਪ੍ਰੀਤ ਸਿੰਘ, ਬਲਦੇਵ ਪ੍ਰਕਾਸ਼ ਆਦਿ ਨੇ ਦੱਸਿਆ ਕਿ 7 ਮਈ ਤੋਂ ਕੇਂਦਰ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਦੀ ਸਰਹੱਦ ’ਤੇ ਸਥਿਤ ਪੈਸੰਜਰ ਟਰਮੀਨਲ ਵੇਖਣ ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ’ਤੇ ਰੋਕ ਲਗਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਹਾਲਾਤ ਠੀਕ ਹੁੰਦਿਆਂ ਹੀ ਪਹਿਲੇ ਪੜਾਅ ਵਿਚ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਸ਼ੁੱਕਰਵਾਰ ਨੂੰ ਪੈਸੰਜਰ ਟਰਮੀਨਲ ਵੇਖਣ ਲਈ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਆਪਣੇ ਅਧਾਰ ਕਾਰਡ ਜ਼ਰੀਏ 50 ਰੁਪਏ ਦੀ ਫੀਸ ਜਮ੍ਹਾ ਕਰਵਾਉਣ ਮਗਰੋਂ ਪੈਸੰਜਰ ਟਰਮੀਨਲ ’ਤੇ ਪੁੱਜੇ ਹਾਂ। ਪਹਿਲੇ ਦਿਨ ਭਾਵੇਂ ਟਰਮੀਨਲ ਵੇਖਣ ਵਾਲੇ ਘੱਟ ਹਨ ਪਰ ਆਉਣ ਵਾਲੇ ਦਿਨਾਂ ਵਿਚ ਗਿਣਤੀ ਵਿਚ ਵਾਧਾ ਹੋਵੇਗਾ। ਇਸ ਮੌਕੇ ਨਾਨਕ ਨਾਮ ਲੇਵਾ ਸੰਗਤਾਂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਵੀ ਜਲਦ ਖੋਲ੍ਹਿਆ ਜਾਵੇ ਤਾਂ ਜੋ ਨਾਨਕ ਨਾਮ ਲੇਵਾ ਸੰਗਤਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰ ਸਕੇ।

Related Articles

Leave a Reply

Your email address will not be published. Required fields are marked *

Back to top button