
ਕਪੂਰਥਲਾ, 24 ਮਈ- ਸਿਵਲ ਹਸਪਤਾਲ ਦੇ ਸਰਜੀਕਲ ਵਾਰਡ ’ਚ ਲੰਬੇ ਸਮੇਂ ਤੋਂ ਖਰਾਬ ਪਏ ਏਅਰ ਕੰਡੀਸ਼ਨਰ ਹੁਣ ਮਰੀਜ਼ਾਂ ਦੀ ਪਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਵਧਦੀ ਗਰਮੀ ਕਾਰਨ ਮਰੀਜ਼ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬਹੁਤ ਮੁਸ਼ਕਲ ਹਾਲਾਤ ’ਚ ਇਲਾਜ ਕਰਵਾਉਣ ਲਈ ਮਜਬੂਰ ਹਨ ਪਰ ਹਸਪਤਾਲ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਹੈ। ਵਾਰਡ ’ਚ ਦਾਖ਼ਲ ਮਰੀਜ਼ ਸੁਰਿੰਦਰ ਸਿੰਘ ਨੇ ਦੱਸਿਆ ਕਿ ਗਰਮੀ ਵਧ ਚੁੱਕੀ ਹੈ ਤੇ ਉਨ੍ਹਾਂ ਨੂੰ ਪੱਖਿਆਂ ਦੇ ਸਹਾਰੇ ਸਮਾਂ ਬਿਤਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਟਾਫ ਨੂੰ ਕਈ ਵਾਰੀ ਇਸ ਸਮੱਸਿਆ ਬਾਰੇ ਦੱਸਿਆ ਗਿਆ ਪਰ ਹਾਲੇ ਤੱਕ ਨਾ ਤਾਂ ਕੋਈ ਅਧਿਕਾਰੀ ਆਇਆ ਤੇ ਨਾ ਹੀ ਮੁਰੰਮਤ ਸਬੰਧੀ ਯਤਨ ਕੀਤਾ ਗਿਆ। ਇਸੇ ਤਰ੍ਹਾਂ ਹੋਰਨਾਂ ਮਰੀਜ਼ਾਂ ਰੀਨਾ, ਗੇਜੋ ਤੇ ਬਲਬੀਰ ਸਿੰਘ ਨੇ ਵੀ ਨਾਰਾਜ਼ਗੀ ਪ੍ਰਗਟਾਉਂਦਿਆਂ ਦੱਸਿਆ ਕਿ ਖਰਾਬ ਏਸੀ ਕਾਰਨ ਵਾਰਡ ’ਚ ਸਮਾਂ ਲੰਘਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਤੇ ਏਸੀ ਜਲਦੀ ਠੀਕ ਕਰਵਾਉਣਾ ਚਾਹੀਦਾ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸੇ ਵਾਰਡ ’ਚ ਇਕ ਗੰਭੀਰ ਮਰੀਜ਼ ਭਰਤੀ ਹੈ, ਜੋ ਕਰੰਟ ਲੱਗਣ ਕਾਰਨ ਬੁਰੀ ਤਰ੍ਹਾਂ ਝਲਸਿਆ ਹੋਇਆ ਹੈ। ਅਜਿਹੇ ਮਰੀਜ਼ ਨੂੰ ਖਾਸ ਦੇਖਭਾਲ ਤੇ ਠੰਡੀ ਹਵਾ ਦੀ ਲੋੜ ਹੁੰਦੀ ਹੈ ਪਰ ਏਸੀ ਖਰਾਬ ਹੋਣ ਕਾਰਨ ਉਸ ਦੀ ਸਿਹਤ ਹੋਰ ਵਿਗੜ ਸਕਦੀ ਹੈ। ਜਦੋਂ ਇਸ ਗੰਭੀਰ ਸਥਿਤੀ ਬਾਰੇ ਹਸਪਤਾਲ ਦੀ ਸੀਨੀਅਰ ਮੈਡੀਕਲ ਅਧਿਕਾਰੀ (ਐੱਸਐੱਮਓ) ਡਾ. ਇੰਦੂ ਸੇਠੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਮੰਨਿਆ ਕਿ ਇਹ ਸਮੱਸਿਆ ਉਨ੍ਹਾਂ ਦੇ ਧਿਆਨ ’ਚ ਹੈ ਤੇ ਛੇਤੀ ਹੀ ਇਸ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਹਾਲਾਂਕਿ, ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਭਰੋਸਾ ਹੈ ਤੇ ਹਾਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਸਪਤਾਲ ’ਚ ਬੁਨਿਆਦੀ ਸਹੂਲਤਾਂ ਮੁਹੱਈਆ ਕੀਤੀਆਂ ਜਾਣ ਤਾਂ ਜੋ ਮਰੀਜ਼ਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ ਤੇ ਇਲਾਜ ਸੁਚਾਰੂ ਤਰੀਕੇ ਨਾਲ ਜਾਰੀ ਰਹਿ ਸਕੇ।



