
ਬਰਨਾਲਾ, 24 ਮਈ- ਯੁੱਧ ਨਸ਼ਿਆਂ ਵਿਰੁੱਧ ਤਹਿਤ ਬਰਨਾਲਾ ਪੁਲਿਸ ਨੇ ਕਾਰਵਾਈ ਕਰਦਿਆਂ ਥਾਣਾ ਟੱਲੇਵਾਲ ਦੀ ਹਦੂਦ ’ਚ 132 ਕਿੱਲੋ ਡੋਡੇ, ਕੈਂਟਰ ਸਣੇ ਬਰਾਮਦ ਕਰਦਿਆਂ ਇਕ ਵਿਅਕਤੀ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਸ਼ੁੱਕਰਵਾਰ ਬਾਅਦ ਦੁਪਹਿਰ ਬਰਨਾਲਾ ਪੁਲਿਸ ਦੇ ਐੱਸਪੀਡੀ ਅਸ਼ੋਕ ਕੁਮਾਰ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਮੁਖਵਰੀ ਤਹਿਤ ਮਿਲੀ ਜਾਣਕਾਰੀ ’ਤੇ ਥਾਣਾ ਟਲਿਆਲ ਦੇ ਥਾਣਾ ਮੁਖੀ ਇੰਸਪੈਕਟਰ ਜਗਜੀਤ ਸਿੰਘ ਵੱਲੋਂ ਆਪਣੀ ਟੀਮ ਸਣੇ ਇਕ ਕੈਂਟਰ ਨੰਬਰ ਪੀਵੀ 10 ਜੇ 20 977 ਨੂੰ ਤਲਾਸ਼ੀ ਤਹਿਤ ਰੋਕ ਕੇ ਜਦ ਜਾਂਚ ਕੀਤੀ ਤਾਂ ਉਸ ’ਚੋਂ 132 ਕਿਲੋ ਡੋਡੇ ਬਰਾਮਦ ਹੋਏ। ਇਸ ਦੇ ਤਹਿਤ ਉਸਦੇ ਚਾਲਕ ਸੁੱਚਾ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਪੱਧਰੀ ਥਾਣਾ ਮਖੂ ਜ਼ਿਲ੍ਹਾ ਫਿਰੋਜ਼ਪੁਰ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਕੇ ਮੁਕਦਮਾ ਨੰਬਰ 34 ਦਰਜ ਕੀਤਾ ਗਿਆ। ਉਸ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕਾਰਵਾਈ ਕਰਦਿਆਂ ਉਸ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਇਹ ਕਾਰਵਾਈ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਵੱਲੋਂ ਅਮਲ ’ਚ ਲਿਆਂਦੀ ਗਈ।
ਜਲਦ ਹੋਵੇਗਾ ਜ਼ਿਲ੍ਹਾ ਬਰਨਾਲਾ ਨਸ਼ਾ ਮੁਕਤ : ਐੱਸਪੀਡੀ
ਬਰਨਾਲਾ ਵਿਖੇ ਤਾਇਨਾਤ ਪੀਪੀਐੱਸ ਅਸ਼ੋਕ ਕੁਮਾਰ ਕਪਤਾਨ ਪੁਲਿਸ (ਡੀ) ਨੇ ਦੱਸਿਆ ਕਿ ਜਲਦ ਬਰਨਾਲਾ ਨਸ਼ਾ ਮੁਕਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੀ ਅਗਵਾਈ ’ਚ ਆਈਪੀਐੱਸ ਮੁਹੰਮਦ ਸਰਫਰਾਜ ਆਲਮ ਪੁਲਿਸ ਮੁਖੀ ਬਰਨਾਲਾ ਦੇ ਆਦੇਸ਼ਾਂ ਤੇ ਮਾੜੇ ਅਨਸਰਾਂ ਤੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਬਰਨਾਲਾ ਦੇ ਨਸ਼ਾ ਤਸਕਰਾਂ ਤੇ ਲੁੱਟ ਖੋਹ ਕਰਨ ਵਾਲੇ ਮਾੜੇ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜਾਂ ਤਾਂ ਉਹ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ ਜਾਂ ਫਿਰ ਉਹ ਬਰਨਾਲਾ ਜਿਲ੍ਹਾ ਛੱਡ ਦੇਣ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।



