ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 3600 ਰੁਪਏ ਰਿਸ਼ਵਤ ਲੈਂਦਾ ਮੋਟਰ ਵਹੀਕਲ ਇੰਸਪੈਕਟਰ ਗ੍ਰਿਫ਼ਤਾਰ
ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ

ਫਰੀਦਕੋਟ, 17 ਮਈ- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜ਼ਿਲ੍ਹਾ ਟਰਾਂਸਪੋਰਟ ਅਥਾਰਟੀ ਦੇ ਦਫਤਰ ਵਿੱਚ ਕੰਮ ਕਰਦੇ ਮੋਟਰ ਵਹੀਕਲ ਇੰਸਪੈਕਟਰ ਗੁਰਪ੍ਰੀਤ ਸਿੰਘ ਨੂੰ ਕਥਿਤ ਤੌਰ ਤੇ ਇੱਕ ਵਿਅਕਤੀ ਤੋਂ 3600 ਰੁਪਏ ਰਿਸ਼ਵਤ ਵਜੋਂ ਲੈਣ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਵਿਜੀਲੈਂਸ ਬਿਊਰੋ ਇਸ ਤੋਂ ਪਹਿਲਾਂ ਇਸ ਦਫਤਰ ਦੇ ਚਾਰ ਉੱਚ ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਜਿਨਾਂ ਉੱਪਰ ਸਰਕਾਰੀ ਰਿਕਾਰਡ ਖੁਰਦ ਬੁਰਦ ਕਰਨ ਅਤੇ ਭ੍ਰਿਸ਼ਟਾਚਾਰ ਕਰਨਾ ਸ਼ਾਮਿਲ ਹੈ। ਸੂਚਨਾ ਅਨੁਸਾਰ ਜਤਿੰਦਰ ਕੁਮਾਰ ਨਾਮ ਦੇ ਵਿਅਕਤੀ ਨੇ ਆਪਦੇ ਟਰੱਕ ਦੀ ਮੋਟਰ ਵਹੀਕਲ ਇੰਸਪੈਕਟਰ ਤੋਂ ਪਾਸਿੰਗ ਕਰਾਉਣੀ ਸੀ ਜੋ ਪਿਛਲੇ ਲੰਬੇ ਸਮੇਂ ਤੋਂ ਨਹੀਂ ਹੋ ਰਹੀ ਸੀ ਅਤੇ ਇਸ ਬਦਲੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ। ਅੱਜ ਜਦੋਂ ਜਤਿੰਦਰ ਕੁਮਾਰ ਨੇ ਮੋਟਰ ਵਹੀਕਲ ਇੰਸਪੈਕਟਰ ਨੂੰ 3600 ਨਗਦ ਦਿੱਤੇ ਤਾਂ ਵਿਜੀਲੈਂਸ ਨੇ ਉਸਨੂੰ ਰੰਗੇ ਹੱਥੀ ਗਿ੍ਫਤਾਰ ਕਰ ਲਿਆ। ਵਿਜੀਲੈਂਸ ਵਿਭਾਗ ਨੇ ਮੁਲਜ਼ਮ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕੱਲ੍ਹ ਨੂੰ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਵਿਜੀਲੈਂਸ ਵਿਭਾਗ ਗੁਰਪ੍ਰੀਤ ਸਿੰਘ ਵੱਲੋਂ ਪਹਿਲਾਂ ਕੀਤੇ ਕੰਮਾਂ ਦੀ ਪੜਤਾਲ ਕਰ ਰਿਹਾ ਹੈ। ਸ਼ਿਕਾਇਤ ਅਨੁਸਾਰ ਮੋਟਰ ਵੀ ਇੰਸਪੈਕਟਰ ਇੱਕ ਵਾਹਨ ਨੂੰ ਪਾਸ ਕਰਨ ਬਦਲੇ ਪ੍ਰਾਰਥੀ ਤੋਂ 1800 ਰੁਪਏ ਰਿਸ਼ਵਤ ਦੀ ਮੰਗ ਕਰਦਾ ਸੀ।



