ਪ੍ਰਦਰਸ਼ਨ ਦੌਰਾਨ ਕੰਪਿਊਟਰ ਅਧਿਆਪਕਾਂ ਤੇ ਪੁਲਿਸ ਵਿਚਾਲੇ ਧੱਕਾ-ਮੁੱਕੀ, CM ਦੀ ਕੋਠੀ ਅੱਗੇ ਕਰ ਰਹੇ ਸੀ ਹੱਕ ਬਚਾਓ ਰੋਸ ਰੈਲੀ

ਸੰਗਰੂਰ, 3 ਅਗਸਤ : ਪਿਛਲੇ ਲੰਬੇ ਸਮੇਂ ਤੋਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕਾਂ ਪ੍ਰਤੀ ਸਰਕਾਰ ਦੇ ਅੜੀਅਲ ਰਵੱਈਏ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਹਿੱਸਿਆ ਤੋ ਐਤਵਾਰ ਨੂੰ ਸੰਗਰੂਰ ਆਏ ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਹੱਕ ਬਚਾਓ ਰੋਸ ਰੇੈਲੀ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਧੱਕਾ-ਮੁੱਕੀ ਹੋ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਆਪਣੀ ਭੜਾਸ ਕੱਢੀ। ਪ੍ਰਸ਼ਾਸਨ ਵਲੋ ਪ੍ਰਦਰਸ਼ਨਕਾਰੀਆਂ ਨੂੰ 13 ਅਗਸਤ ਨੂੰ ਸਿੱਖਿਆ ਸਕੱਤਰ ਪੰਜਾਬ ਨਾਲ ਮੀਟਿੰਗ ਅਤੇ 20 ਅਗਸਤ ਨੂੰ ਕੈਬਨਿਟ ਸਬ ਕਮੇਟੀ ਦੇ ਨਾਲ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਸੂਬਾ ਆਗੂ ਜੋਨੀ ਸਿੰਗਲਾ, ਰਣਜੀਤ ਸਿੰਘ, ਨਰਦੀਪ ਸ਼ਰਮਾ, ਅੰਜੂ ਜੈਨ, ਕੁਲਵਿੰਦਰ ਸਿੰਘ, ਸੁਮਨ ਭਾਰਦਵਾਜ, ਸੁਨੀਤ ਸਰੀਨ, ਕਰਮਜੀਤ ਪੁਰੀ, ਗਗਨਦੀਪ ਸਿੰਘ, ਰਘੁਬੀਰ ਸਿੰਘ, ਰਮਨ ਵਸਿਸ਼ਟ, ਗੁਰਬਖਸ਼ ਲਾਲ, ਜਸਵਿੰਦਰ ਸਿੰਘ, ਸ਼ਮਸੇਰ ਸਿੰਘ, ਪਵਨ ਕੁਮਾਰ ਸੋਹਲ ਨੇ ਦੱਸਿਆ ਕਿ ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ 3 ਫਰਵਰੀ ਦੀ ਮੀਟਿੰਗ ਵਿੱਚ ਛੇਵਾ ਪੇਅ ਕਮਿਸ਼ਨ ਲਾਗੂ ਕਰਨ ਤੇ ਸਹਿਮਤੀ ਬਣੀ ਸੀ ਅਤੇ 16 ਜੂਨ ਨੂੰ ਵਿੱਤ ਮੰਤਰੀ ਪੰਜਾਬ ਦੀ ਅਗਵਾਈ ਵਾਲ਼ੀ ਕੈਬਨਿਟ ਸਬ ਕਮੇਟੀ ਅਤੇ ਇਸਦੀ ਲਗਾਤਾਰਤਾ ਵਿੱਚ 18 ਜੂਨ ਸਕੱਤਰ ਸਿੱਖਿਆ ਨਾਲ ਮੀਟਿੰਗਾਂ ਹੋਈਆਂ। ਇਨ੍ਹਾਂ ਮੀਟਿੰਗਾਂ ਵਿੱਚ 6ਵੇਂ ਪੇ ਕਮਿਸ਼ਨ ਸਮੇਤ ਕਈ ਵਿਭਾਗੀ ਮੁੱਦਿਆਂ ਉੱਤੇ ਸਹਿਮਤੀ ਬਣੀ। ਪ੍ਰੰਤੂ ਡੇਢ ਮਹੀਨੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਜਿਹਨਾਂ ਮੁੱਦਿਆਂ ਉੱਤੇ ਸਹਿਮਤੀ ਬਣ ਚੁੱਕੀ ਸੀ ਉਨ੍ਹਾਂ ਵਿੱਚੋਂ ਇੱਕ ਵੀ ਮੁੱਦਾ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਾਈਕੋਰਟ ਦੇ ਡਬਲ ਬੈਂਚ ਨੇ ਕੰਪਿਊਟਰ ਅਧਿਆਪਕਾਂ ਦੇ ਹੱਕ ਵਿੱਚ ਇਤਿਹਾਸਕ ਫੈਸਲਾ ਦਿੰਦੇ ਹੋਇਆ ਕੰਪਿਊਟਰ ਅਧਿਆਪਕਾਂ ਨੂੰ ਸਰਕਾਰੀ ਮੁਲਾਜਮ ਮੰਨਦੇ ਹੋਏ, ਪੰਜਾਬ ਸਿਵਲ ਸਰਵਿਸ ਨਿਯਮ ਅਤੇ ਨਿਯਮਾਂ ਤਹਿਤ ਮਿਲ਼ਣਯੋਗ ਸੰਪੂਰਨ ਲਾਭ ਲਾਗੂ ਕਰਨ ਅਤੇ ਛੇਵਾ ਪੇਅ ਕਮਿਸ਼ਨ ਲਾਗੂ ਹੋਣ ਬਾਰੇ ਕਿਹਾ ਹੈ। ਪਰ ਅੱਜ 5 ਮਹੀਨੇ ਬੀਤ ਜਾਣ ਦੇ ਬਾਵਜੂਦ ਸਰਕਾਰ ਤੇ ਅਫਸਰਸਾਹੀ ਕੰਪਿਊਟਰ ਅਧਿਆਪਕਾਂ ਦੀਆਂ ਹੱਕੀ ਮੰਗਾਂ ਮੰਨਣ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਕੰਪਿਊਟਰ ਅਧਿਆਪਕਾਂ ਨੂੰ ਛੇਵੇਂ ਪੇ ਕਮਿਸ਼ਨ ਅਤੇ ਉਨ੍ਹਾਂ ਦੇ ਰੈਗੂਲਰ ਆਰਡਰਾਂ ਵਿੱਚ ਦਰਜ ਸਾਰੇ ਲਾਭ ਦਿੰਦੇ ਹੋਏ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਛੇਤੀ 6ਵਾਂ ਪੇਅ ਕਮਿਸ਼ਨ ਅਤੇ ਪੰਜਾਬ ਸਿਵਲ ਸਰਵਿਸਜ ਨਿਯਮ ਅਤੇ ਬਣਦੇ ਲਾਭ ਪੂਰੀ ਤਰਾਂ ਲਾਗੂ ਨਹੀਂ ਕੀਤੇ ਗਏ ਤਾਂ ਕੰਪਿਊਟਰ ਅਧਿਆਪਕ ਸੰਘਰਸ਼ ਨੂੰ ਤੇਜ਼ ਕਰਨ ਲਈ ਮਜ਼ਬੂਰ ਹੋਣਗੇ।



