Punjab

ਨਗਰ ਕੌਂਸਲ ਖਰੜ ਦੀ ਪ੍ਰਧਾਨ ਨੂੰ ਕੁਰਸੀ ਤੋਂ ਹਟਾਇਆ, AAP ਦੇ 2 ਵਿਧਾਇਕਾਂ ਨੇ 18 ਕੌਂਸਲਰਾਂ ਨਾਲ ਮਿਲ ਕੇ ਪਾਸ ਕੀਤਾ ਬੇਭਰੋਸਗੀ ਮਤਾ

ਮਹਿਰਾ, ਖਰੜ, 16 ਮਈ-ਨਗਰ ਕੌਂਸਲ ਖਰੜ (Nagar Council Kharar) ਦੇ 18 ਕੌਂਸਲਰਾਂ ਨੇ ਇਕਜੁੱਟ ਹੋ ਕੇ ਨਗਰ ਕੌਂਸਲ ਦੀ ਪ੍ਰਧਾਨ ਨੂੰ ਕੁਰਸੀ ਤੋਂ ਹਟਾ ਕੇ ਇਤਿਹਾਸ ਰਚ ਦਿੱਤਾ। ਜ਼ਿਕਰਯੋਗ ਹੈ ਕਿ ਬੀਤੀ 23 ਅਪ੍ਰੈਲ ਨਗਰ ਕੌਂਸਲ ਪ੍ਰਧਾਨ ਬੀਬੀ ਜਸਪ੍ਰੀਤ ਕੌਰ ਲੌਂਗੀਆ (Shiromani Akali Dal) ਖਿਲਾਫ ਖਰੜ ਦੇ 27 ਕੌਂਸਲਰਾਂ ‘ਚੋਂ 18 ਨੇ ਇਹ ਕਹਿ ਕੇ ਬੇਭਰੋਸਗੀ ਮਤਾ ਪਾਸ ਕੀਤਾ ਸੀ ਕਿ ਪ੍ਰਧਾਨ ਵੱਲੋਂ ਸ਼ਹਿਰ ਦੇ ਵਿਕਾਸ ਲਈ ਮੀਟਿੰਗਾਂ ਨਹੀਂ ਬੁਲਾਈਆਂ ਜਾਂਦੀਆਂ ਜਿਸ ਕਾਰਨ ਵਿਕਾਸ ਕਾਰਜ ਨਹੀਂ ਹੋ ਰਹੇ। ਉਸਦੇ ਜਵਾਬ ‘ਚ ਅੱਜ ਮੀਟਿੰਗ ਬੁਲਾਈ ਗਈ ਸੀ ਜਿਸ ਵਿਚ 18 ਕੌਂਸਲਰ ਤੇ ਵਿਧਾਇਕ ਅਨਮੋਲ ਗਗਨ ਮਾਨ ਤੇ ਵਿਧਾਇਕ ਡਾ. ਚਰਨਜੀਤ ਸਿੰਘ ਚਮਕੌਰ ਸਾਹਿਬ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ ਅਤੇ ਆਪਣੀ ਵੋਟ ਵੀ ਨਗਰ ਕੌਂਸਲ ਪ੍ਰਧਾਨ ਖਿਲਾਫ਼ ਮਤਾ ਪਾਉਂਦਿਆਂ ਬੇਭਰੋਸਗੀ ਜਤਾਈ। ਇਸ ਉਪਰੰਤ ਬੀਬੀ ਜਸਪ੍ਰੀਤ ਕੌਰ ਲੌਂਗੀਆ ਨੂੰ ਪ੍ਰਧਾਨਗੀ ਤੋਂ ਹਟਾ ਦਿੱਤਾ ਗਿਆ। ਇਸ ਮੌਕੇ ਵਿਧਾਇਕ ਅਨਮੋਲ ਗਗਨ ਮਾਨ ਨੇ ਕਿਹਾ ਕਿ ਬੇਭਰੋਸਗੀ ਦੇ ਮਤੇ ਤਹਿਤ ਅੱਜ ਬੁਲਾਈ ਗਈ ਮੀਟਿੰਗ ‘ਚ ਕੋਈ ਰੌਲਾ-ਰੱਪਾ ਨਹੀਂ ਪਿਆ। ਮੀਟਿੰਗ ਸ਼ਾਂਤਮਈ ਤਰੀਕੇ ਨਾਲ ਹੋਈ ਤੇ ਨਗਰ ਕੌਂਸਲ ਪ੍ਰਧਾਨ ਖਿਲਾਫ਼ 18 ਕੌਂਸਲਰਾਂ ਸਮੇਤ ਦੋ ਵਿਧਾਇਕਾਂ ਨੇ ਬੇਭਰੋਸਗੀ ਜਤਾਈ। ਉਨ੍ਹਾਂ ਕਿਹਾ ਕਿ ਜਿਹੜੇ ਕੌਂਸਲਰ ਬੇਭਰੋਸਗੀ ਮਤੇ ‘ਚ ਸ਼ਾਮਿਲ ਹੋਏ ਹਨ ਅਤੇ ਵਿਕਾਸ ਲਈ ਸਰਕਾਰ ਦਾ ਸਾਥ ਦਿੱਤਾ ਹੈ ਉਹ ਹੀ ਅਗਲੀ ਮੀਟਿੰਗ ‘ਚ ਆਮ ਆਦਮੀ ਪਾਰਟੀ ਦੀ ਪ੍ਰਧਾਨ ਚੁਣਨ ਦਾ ਪੂਰਾ ਅਧਿਕਾਰ ਰੱਖਦੇ ਹਨ। ਜ਼ਿਕਰਯੋਗ ਹੈ 127 ਸਾਲ ਪੁਰਾਣੀ ਨਗਰ ਕੌਂਸਲ ਖਰੜ ‘ਚ 49 ਸਾਲ ‘ਚ ਦੂਜੀ ਵਾਰ ਨਗਰ ਕੌਂਸਲ ਦੀ ਪ੍ਰਧਾਨ ਨੂੰ ਕੁਰਸੀ ਤੋਂ ਹਟਾਇਆ ਗਿਆ।

Related Articles

Leave a Reply

Your email address will not be published. Required fields are marked *

Back to top button