Punjab

ਬਠਿੰਡਾ ਦਾ ਬੱਸ ਅੱਡਾ ਬਚਾਉਣ ਲਈ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕੱਢਿਆ ਮਸ਼ਾਲ ਮਾਰਚ

ਬਠਿੰਡਾ,15 ਮਈ2025: ਬੱਸ ਅੱਡਾ ਬਚਾਉਣ ਲਈ ਬਣੀ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਬੱਸ ਸਟੈਂਡ ਨੂੰ ਮੌਜੂਦਾ ਥਾਂ ਤੇ ਰੱਖਣ ਲਈ ਦੁਕਾਨਦਾਰਾਂ ਨੇ ਮਸ਼ਾਲ ਮਾਰਚ ਕੱਢਿਆ ਅਤੇ ਫੈਸਲਾ ਵਾਪਿਸ ਲੈਣ ਦੀ ਮੰਗ ਕੀਤੀ। ਸੰਘਰਸ਼ ਕਮੇਟੀ ਦੀ ਪ੍ਰਸ਼ਾਸਨ ਕੋਲ ਸਿਰਫ ਇੱਕ ਹੀ ਮੰਗ ਹੈ ਕਿ ਬੱਸ ਅੱਡੇ ਨੂੰ ਲੋਕ ਸਹੂਲਤਾਂ ਨੂੰ ਦੇਖਦਿਆਂ ਉਸੀ ਥਾਂ ਤੇ ਹੀ ਰੱਖਿਆ ਜਾਵੇ ਤੇ ਬੱਸ ਅੱਡਾ ਬਦਲਣ ਲਈ ਜੋ ਬੇਬੁਨਿਆਦ ਤਰਕ ਦਿੱਤੇ ਜਾ ਰਹੇ ਹਨ, ਉਹਨਾਂ ਦੀ ਥਾਂ ਟੈਕਨੀਕਲ ਲੋਕਾਂ ਦੀ ਮਦਦ ਨਾਲ ਇਥੇ ਹੀ ਨਵੇਂ ਰਸਤੇ ਲੱਭੇ ਜਾਣ। ਅੰਦੋਲਨ ਤਹਿਤ ਵੱਡੀ ਗਿਣਤੀ ਦੁਕਾਨਦਾਰਾਂ ਵੱਲੋਂ ਬੱਸ ਸਟੈਂਡ ਤੋਂ ਮਸ਼ਾਲ ਮਾਰਚ ਕੱਢਿਆ ਗਿਆ। ਜੋ ਕਿ ਕੋਰਟ ਰੋਡ, ਮਹਿਣਾ ਚੌਕ, ਮਿੱਠੂ ਵਾਲਾ ਮੋੜ, ਆਰਿਆ ਸਮਾਜ ਚੌਕ, ਧੋਬੀ ਬਜ਼ਾਰ, ਸਪੋਰਟਸ ਮਾਰਕਿਟ ਤੋਂ ਹੁੰਦਾ ਹੋਇਆ ਸਦਭਾਵਨਾ ਚੌਕ ’ਤੇ ਸਮਾਪਤ ਹੋਇਆ। ਇਸ ਮੌਕੇ ਲੋਕਾਂ ਨੇ ਹੱਥਾਂ ਵਿੱਚ ਮਸ਼ਾਲਾਂ ਫੜ ਕੇ ਜਨਤਾ ਨੂੰ ਬੱਸ ਅੱਡੇ ਲਈ ਜਾਗਰੂਕ ਕੀਤਾ। ਮਸ਼ਾਲ ਮਾਰਚ ਵਿੱਚ ਗੁਰਪ੍ਰੀਤ ਆਰਟਿਸਟ ਅਤੇ ਗੁਰਵਿੰਦਰ ਸ਼ਰਮਾ ਨੇ ਲੋਕਾਂ ਨੂੰ ਬੱਸ ਅੱਡੇ ਸਬੰਧੀ ਜਾਣਕਾਰੀ ਦਿੱਤੀ।   ਸੰਘਰਸ਼ ਕਮੇਟੀ ਦੇ ਆਗੂ ਬਲਤੇਜ ਸਿੰਘ ਵਾਂਦਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਜੋ ਕਮੇਟੀ ਬਣਾਈ ਗਈ ਹੈ, ਅਸੀਂ ਕਮੇਟੀ ਅੱਗੇ ਬੱਸ ਸਟੈਂਡ ਲਈ ਮਜ਼ਬੂਤੀ ਨਾਲ ਪੱਖ ਰੱਖਾਂਗੇ। ਉਨ੍ਹਾਂ ਨੇ ਸਿੱਧੇ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਕੀਮਤ ’ਤੇ ਬੱਸ ਅੱਡਾ ਬਦਲਣ ਨਹੀਂ ਦੇਵਾਂਗੇ। ਹਰਵਿੰਦਰ ਸਿੰਘ ਹੈਪੀ ਨੇ ਕਿਹਾ ਕਿ ਬਠਿੰਡਾ ਦੇ ਵਿਧਾਇਕ ਨੂੰ ਜਿੱਦ ਛੱਡ ਕੇ ਲੋਕਾਂ ਦੀ ਭਾਵਨਾ ਨੂੰ ਸਮਝਣਾ ਚਾਹੀਦਾ ਹੈ ਤੇ ਹਰ ਰੋਜ਼ ਬੱਸ ਅੱਡੇ ਬਾਰੇ ਝੂਠ ਬੋਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕੌਂਸਲਰ ਸੰਦੀਪ ਬਾਬੀ ਨੇ ਕਿਹਾ ਕਿ ਜਿਆਦਾਤਰ ਕੌਂਸਲਰ ਬੱਸ ਅੱਡਾ ਸੰਘਰਸ਼ ਕਮੇਟੀ ਦੇ ਪੱਖ ਵਿੱਚ ਹਨ, ਕਿਉਂਕਿ ਉਹ ਆਮ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਹਨ। ਇਸ ਮੌਕੇ ਤੇ ਹਰਜਿੰਦਰ ਸਿੱਧੂ, ਦੇਵੀ ਦਿਆਲ, ਰਾਮ ਜਿੰਦਲ, ਰਵਿੰਦਰ ਗੁਪਤਾ, ਅਸ਼ੋਕ ਕੁਮਾਰ, ਰਾਜ ਕੁਮਾਰ, ਪਰਮਜੀਤ ਸਿੰਘ, ਮਨਦੀਪ ਸਿੰਘ, ਤਰਸੇਮ ਕੁਮਾਰ, ਸੈਸ਼ਨ ਕੁਮਾਰ ਅਤੇ ਸਮੂਹ ਦੁਕਾਨਦਾਰਾਂ ਨੇ ਸਹਿਯੋਗ ਕੀਤਾ।

Related Articles

Leave a Reply

Your email address will not be published. Required fields are marked *

Back to top button