Punjab

ਭਾਰਤ-ਪਾਕ ਸਰਹੱਦ ਦੇ ਕੰਢੇ ਵਸੇ ਪਿੰਡਾਂ ਦੇ ਲੋਕ ਬੇਖੌਫ ਖੇਤੀ ’ਚ ਰੁੱਝੇ

ਕਲਾਨੌਰ, 13 ਮਈ-ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਤੇ ਪਿਛਲੇ ਦਿਨਾਂ ਤੋਂ ਬਣੀ ਤਣਾਅ ਵਾਲੀ ਸਥਿਤੀ ਦੌਰਾਨ ਜੰਗਬੰਦੀ ਹੁੰਦਿਆਂ ਹੀ ਸਰਹੱਦ ਦੇ ਕੰਢੇ ਵੱਸਦੇ ਪਿੰਡਾਂ ਦੇ ਕਿਸਾਨ ਅਤੇ ਆਮ ਲੋਕ ਮੁੜ ਬੇਖੌਫ ਹੋ ਕੇ ਖੇਤੀ ਅਤੇ ਆਪਣੇ ਹੋਰ ਕੰਮਕਾਜਾਂ ਵਿੱਚ ਰੁੱਝੇ ਹੋਏ ਹਨ। ਸੋਮਵਾਰ ਨੂੰ ਪੰਜਾਬੀ ਜਾਗਰਣ ਵੱਲੋਂ ਭਾਰਤ ਕੌਮਾਂਤਰੀ ਸਰਹੱਦ ਦੇ ਕੱਢੇ ਵੱਸੇ ਪਿੰਡ ਰੋਸਾ, ਚੰਦੂ ਵਡਾਲਾ, ਬਰੀਲਾ, ਬੋਹੜ ਵਡਾਲਾ ਆਦਿ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਕਿਸਾਨ, ਮਜ਼ਦੂਰ ਜਿੱਥੇ ਖੇਤਾਂ ਵਿੱਚ ਕਣਕ ਦੇ ਨਾੜ ਦੀ ਤੂੜੀ ਬਣਾਉਣ ਤੋਂ ਇਲਾਵਾ ਪਸ਼ੂਆਂ ਦਾ ਚਾਰਾ ਅਤੇ ਝੋਨੇ ਦੀਆਂ ਪਨੀਰੀਆਂ ਦੀ ਦੇਖਭਾਲ ਵਿੱਚ ਲੱਗੇ ਹੋਏ ਸਨ ਉੱਥੇ ਸਰਹੱਦੀ ਪਿੰਡਾਂ ਦੀਆਂ ਦੁਕਾਨਾਂ ਅਤੇ ਚੌਰਾਹਿਆਂ ਵਿੱਚ ਵੀ ਲੋਕ ਬੇਖੌਫ ਗੱਲਾਂ ਬਾਤਾਂ ਵਿੱਚ ਰੁੱਝੇ ਹੋਏ ਸਨ। ਸਰਹੱਦ ਦੇ ਕੰਢੇ ਵਸੇ ਪਿੰਡ ਰੋਸੇ ਵਿਖੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਹੋਇਆਂ ਪਿੰਡ ਦੇ ਸਾਬਕਾ ਸਰਪੰਚ ਅਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਆਗੂ ਪ੍ਰਭਸ਼ਰਨ ਸਿੰਘ ਰੋਸੇ, ਮਨਜੋਤ ਸਿੰਘ, ਪ੍ਰਦਮਨ ਸਿੰਘ, ਦਲਜੀਤ ਸਿੰਘ, ਸੁਖਪ੍ਰੀਤ ਸਿੰਘ ਅਤੇ ਸਤਨਾਮ ਸਿੰਘ ਆਦ ਕਿਸਾਨਾਂ ਨੇ ਦੱਸਿਆ ਕਿ ਬਾਰਡਰ ਕੰਢੇ ’ਤੇ ਵੱਸੇ ਉਨ੍ਹਾਂ ਦੇ ਪਿੰਡ ਦੇ ਲੋਕਾਂ ਦੇ ਹੌਸਲੇ ਹਮੇਸ਼ਾ ਬੁਲੰਦ ਰਹੇ ਹਨ ਅਤੇ ਮੌਜੂਦਾ ਹਾਲਾਤ ਵਿੱਚ ਵੀ ਬੁਲੰਦ ਰਹੇ ਹਨ। ਉਨ੍ਹਾਂ ਕਿਹਾ ਕਿ ਬਾਰਡਰ ਏਰੀਏ ਦੇ ਪਿੰਡਾਂ ਦੇ ਲੋਕਾਂ ਵੱਲੋਂ ਪਿਛਲੇ ਦਿਨੀਂ ਦੋਵਾਂ ਦੇਸ਼ਾਂ ਵਿੱਚ ਜੰਗ ਵਰਗੇ ਬਣੇ ਮਾਹੌਲ ਦੌਰਾਨ ਵੀ ਪਿੰਡ ਦੇ ਲੋਕਾਂ ਨੇ ਆਪਣਾ ਪਿੰਡ ਨਹੀਂ ਛੱਡਿਆ ਸੀ। ਉਨ੍ਹਾਂ ਦੱਸਿਆ ਕਿ ਭਾਵੇਂ ਸਰਹੱਦ ਤੇ ਜੰਗਬੰਦੀ ਹੋ ਚੁੱਕੀ ਪਰੰਤੂ ਇਸ ਦੇ ਬਾਵਜੂਦ ਵੀ ਸਰਹੱਦ ਤੇ ਸੁਰੱਖਿਆ ਪ੍ਰਬੰਧ ਪੂਰੇ ਸਖ਼ਤ ਹਨ। ਉਹਨਾਂ ਦੱਸਿਆ ਕਿ ਬਾਰਡਰ ਏਰੀਏ ਦੇ ਪਿੰਡਾਂ ਨਾਲ ਸੰਬੰਧਿਤ ਕਿਸਾਨਾਂ ਵੱਲੋਂ ਜ਼ਿਲ੍ਹੇ ਵਿੱਚ 5 ਜੂਨ ਤੋਂ ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਸ਼ੁਰੂ ਹੋ ਰਹੀ ਝੋਨੇ ਦੀ ਬਿਜਾਈ ਨੂੰ ਲੈ ਕੇ ਜਿੱਥੇ ਖੇਤੀਬਾੜੀ ਵਿਭਾਗ ਦੀਆਂ ਮਨਜ਼ੂਰਸ਼ੁਧਾ ਝੋਨੇ ਦੀਆਂ ਕਿਸਮਾਂ ਦੀ ਝੋਨੇ ਦੀ ਪਨੀਰੀਆਂ ਦੀ ਬਿਜਾਈ ਕਰ ਦਿੱਤੀ ਗਈ ਹੈ ਉੱਥੇ ਕਡਿਆਲੀ ਤਾਰ ਦੋ ਪਾਰ ਪੈਂਦੀਆਂ ਜ਼ਮੀਨਾਂ ਵਿੱਚ ਝੋਨੇ ਦੀ ਬਿਜਾਈ ਲਈ ਅਜੇ ਤੱਕ ਝੋਨੇ ਦੀ ਪਨੀਰੀ ਦੀ ਬਿਜਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬੀਐੱਸਐੱਫ ਦੇ ਸਹਿਯੋਗ ਨਾਲ ਉਹਨਾਂ ਵੱਲੋਂ ਕੰਡਿਆਲੀ ਤਾਰ ਤੋਂ ਪਾਰ ਪੈਂਦੀਆਂ ਜ਼ਮੀਨਾਂ ਵਿੱਚ ਕਣਕ ਦੀ ਕਟਾਈ ਕਈ ਦਿਨ ਪਹਿਲਾਂ ਹੀ ਮੁਕੰਮਲ ਕਰ ਲਈ ਗਈ ਸੀ ਜਦਕਿ ਇਸ ਤੋਂ ਬਾਅਦ ਆਪਰੇਸ਼ਨ ਸਿੰਦੂਰ ਸ਼ੁਰੂ ਹੁੰਦਿਆਂ ਹੀ ਕੰਡਿਆਲੀ ਤਾਰ ਤੋਂ ਪਾਰ ਪੈਂਦੀਆਂ ਜ਼ਮੀਨਾਂ ਦੇ ਮਾਲਕ ਕਿਸਾਨਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਪਾਰਲੇ ਖੇਤਾਂ ਵਿੱਚ ਜਾਣ ਤੇ ਰੋਕ ਲਗਾ ਦਿੱਤੀ ਗਈ ਸੀ। ਪ੍ਰਭਸ਼ਰਨ ਸਿੰਘ ਨੇ ਦੱਸਿਆ ਕਿ ਭਾਵੇਂ ਜੰਗਬੰਦੀ ਹੋ ਚੁੱਕੀ ਹੈ ਪਰੰਤੂ ਅਜੇ ਤੱਕ ਵੀ ਕਿਸਾਨਾਂ ਨੂੰ ਕੰਡਿਆਲੀ ਤਾਰ ਤੋਂ ਪਾਰ ਪੈਂਦੀਆਂ ਜ਼ਮੀਨਾਂ ਵਿੱਚ ਜਾਣ ਸਬੰਧੀ ਰੋਕ ਅਜੇ ਵੀ ਬਰਕਰਾਰ ਹੈ। ਉਹਨਾਂ ਕਿਹਾ ਕਿ ਭਾਵੇਂ ਰਾਤ ਵੇਲੇ ਬਿਜਲੀ ਸਪਲਾਈ ਨਿਰਵਿਘਨ ਸਹਿਤ ਮਿਲ ਰਹੀ ਹੈ ਪ੍ਰੰਤੂ ਇਸ ਦੇ ਬਾਵਜੂਦ ਉਨਾਂ ਦੇ ਪਿੰਡ ਦੇ ਲੋਕਾਂ ਵੱਲੋਂ ਰਾਤ ਵੇਲੇ ਪਿੰਡ ਦੀਆਂ ਲਾਈਟਾਂ ਮੁਕੰਮਲ ਤੌਰ ਤੇ ਬੰਦ ਰੱਖੀਆਂ ਜਾ ਰਹੀਆਂ ਹਨ।

Related Articles

Leave a Reply

Your email address will not be published. Required fields are marked *

Back to top button