ਜਿਣਸੀ ਸ਼ੋਸ਼ਣ ਤੋਂ ਬਾਅਦ ਬੱਚੀ ਨੂੰ ਲਹੂ-ਲੁਹਾਨ ਹਾਲਤ ’ਚ ਛੱਡ ਕੇ ਮੁਲਜ਼ਮ ਫਰਾਰ
ਬੇਹੋਸ਼ੀ ਦੀ ਹਾਲਤ ’ਚ ਲੜਕੀ ਕੀਤੀ ਗਈ ਬਰਾਮਦ

ਲੁਧਿਆਣਾ, 12 ਮਈ- ਮਾਸੂਮ ਬੱਚੀ ਨੂੰ ਹਵਸ ਸ਼ਿਕਾਰ ਬਣਾਉਣ ਤੋਂ ਬਾਅਦ ਮੁਲਜਮ ਉਸਨੂੰ ਬੇਹੋਸ਼ੀ ਦੀ ਹਾਲਤ ਵਿੱਚ ਕੰਧ ਦੇ ਓਹਲੇ ਛੱਡ ਕੇ ਫਰਾਰ ਹੋ ਗਿਆ। ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਬੰਗਾਲ ਦੇ ਰਹਿਣ ਵਾਲੇ ਮੁਲਜਮ ਮਹਾਰਮ ਸ਼ੇਖ ਦੇ ਖਿਲਾਫ ਸੰਗੀਨ ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਦੀ ਮਾਂ ਨੇ ਦੱਸਿਆ ਕਿ ਉਸਦੇ ਪੰਜ ਬੱਚੇ ਹਨ। ਬੀਤੇ ਦਿਨ ਉਸ ਦੀ ਸਭ ਤੋਂ ਛੋਟੀ 11 ਸਾਲ ਦੀ ਬੇਟੀ ਸਵੇਰੇ 7 ਵਜੇ ਖੇਡਣ ਲਈ ਘਰ ਤੋਂ ਬਾਹਰ ਗਈ। ਕਾਫੀ ਸਮੇਂ ਤੱਕ ਜਦ ਲੜਕੀ ਘਰ ਵਾਪਸ ਨਾ ਆਈ ਤਾਂ ਪਰਿਵਾਰਿਕ ਮੈਂਬਰਾਂ ਨੇ ਉਸਨੂੰ ਲੱਭਣਾ ਸ਼ੁਰੂ ਕੀਤਾ। ਲੜਕੀ ਨੂੰ ਲੱਭਦੇ ਹੋਏ ਪਰਿਵਾਰਿਕ ਮੈਂਬਰ ਜਦ ਘਰ ਦੇ ਲਾਗੇ ਇੱਕ ਵੀਰਾਨ ਥਾਂ ਤੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਬੱਚੀ ਲਹੂ ਲੁਹਾਨ ਹਾਲਤ ਵਿੱਚ ਕੰਧ ਦੇ ਕੋਲ ਬੇਹੋਸ਼ ਪਈ ਹੋਈ ਸੀ। ਪਰਿਵਾਰਕ ਮੈਂਬਰ ਉਸਨੂੰ ਤੁਰੰਤ ਡਾਕਟਰ ਕੋਲ ਲੈ ਗਏ। ਇਸੇ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਮਾਪਿਆਂ ਨੂੰ ਦੱਸਿਆ ਕਿ ਗੁਜਰਾਂ ਦੇ ਡੇਰੇ ਕੰਗਨਵਾਲ ਦਾ ਰਹਿਣ ਵਾਲਾ ਮਹਾਰਮ ਸ਼ੇਖ ਸਵੇਰ ਵੇਲੇ ਬੱਚੀ ਨੂੰ ਆਪਣੇ ਨਾਲ ਲੈ ਕੇ ਗਿਆ ਸੀ। ਪਰਿਵਾਰਿਕ ਮੈਂਬਰਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਹਵਸ ਵਿੱਚ ਅੰਨ੍ਹੇ ਹੋਏ ਮੁਲਜਮ ਨੇ ਮਾਸੂਮ ਬੱਚੀ ਨਾਲ ਜਬਰ-ਜਨਾਹ ਕੀਤਾ ਹੈ। ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਰਾਮ ਮੂਰਤੀ ਨੇ ਦੱਸਿਆ ਕਿ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਲੜਕੀ ਦੀ ਮਾਤਾ ਦੀ ਸ਼ਿਕਾਇਤ ਤੇ ਬੰਗਾਲ ਦੇ ਰਹਿਣ ਵਾਲੇ ਮਹਾਰਮ ਸ਼ੇਖ ਦੇ ਖਿਲਾਫ ਪੋਕਸੋ ਐਕਟ ਅਤੇ ਜਬਰ ਜ਼ਨਾਹ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਨਾਕਾਬੰਦੀ ਦੇ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਮੁਲਜਮ ਕਈ ਸਾਲ ਪਹਿਲੋਂ ਬੰਗਾਲ ਤੋਂ ਲੁਧਿਆਣਾ ਦੇ ਕੰਗਣਵਾਲ ਇਲਾਕੇ ਵਿੱਚ ਆਇਆ ਸੀ। ਮੁਲਜ਼ਮ ਲੋਹੇ ਦੀ ਸਕਰੈਪ ਦਾ ਕੰਮ ਕਰਦਾ ਹੈ ਅਤੇ ਉਸਦੇ ਖੁਦ ਦੇ ਤਿੰਨ ਬੱਚੇ ਹਨ। ਪੁਲਿਸ ਇੱਕ ਦਿਨ ਦੇ ਰਿਮਾਂਡ ਦੇ ਦੌਰਾਨ ਮੁਲਜ਼ਮ ਕੋਲੋਂ ਪੁੱਛ ਗਿੱਛ ਕਰਨ ਵਿੱਚ ਜੁਟ ਗਈ ਹੈ।



