
ਲੁਧਿਆਣਾ , 12 ਮਈ- ਥਾਣਾ ਟਿੱਬਾ ਅਧੀਨ ਮਿੰਟੂ ਕਲੋਨੀ ਵਿੱਚ ਰਹਿਣ ਵਾਲੇ ਪਰਿਵਾਰ ਨਾਲ ਕੁਝ ਵਿਅਕਤੀਆਂ ਨੇ ਮਾਮੂਲੀ ਵਿਵਾਦ ਮਗਰੋਂ ਲੜਾਈ ਝਗੜਾ ਕੀਤਾ ਅਤੇ ਸਮਾਨ ਦੀ ਭੰਨ ਤੋੜ ਕਰ ਦਿੱਤੀ। ਉਕਤ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਟਿੱਬਾ ਪੁਲਿਸ ਨੇ ਮਿੰਟੂ ਕਲੋਨੀ ਦੇ ਰਹਿਣ ਵਾਲੇ ਹਰੀਨਾਮ ਦੇ ਬਿਆਨ ਉੱਪਰ ਕੁੱਟਮਾਰ ਕਰਨ ਵਾਲੇ ਮੁਲਜਮਾਂ ਵਿਜੇ ਰੋਹਿਤ ਬਰਾਊ ਸਮੇਤ ਦੋ ਅਣਪਛਾਤਿਆਂ ਖਿਲਾਫ ਵੱਖ ਵੱਖ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ ਹੈ। ਹਰੀਨਾਮ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਦੇ ਮੁਹੱਲੇ ਵਿੱਚ ਪੀਣ ਲਈ ਸਾਫ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਉਸ ਨੇ ਸਥਾਨਕ ਮੋਹਤਬਰਾਂ ਦੀ ਰਜਾਮੰਦੀ ਮਗਰੋਂ ਪਾਣੀ ਦੇ ਪ੍ਰਬੰਧ ਲਈ ਬੋਰ ਕਰਵਾਉਣਾ ਸ਼ੁਰੂ ਕੀਤਾ। ਇਸ ਦੌਰਾਨ ਵਾਰਦਾਤ ਵਾਲੀ ਰਾਤ ਨੂੰ ਮੁਲਜਮ ਵਿਜੇ ਰੋਹਿਤ ਬਰਾਉ ਅਤੇ ਦੋ ਹੋਰਾਂ ਨੇ ਬੋਰ ਕਰਨ ਲਈ ਲੱਗੇ ਜਨਰੇਟਰ ਦੀ ਟੈਂਕੀ ਵਿੱਚੋਂ ਡੀਜ਼ਲ ਕੱਢ ਲਿਆ। ਜਦੋਂ ਮੁਦਈ ਨੇ ਉਹਨਾਂ ਦੇ ਘਰ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਸਾਥੀਆਂ ਸਮੇਤ ਉਸ ਨਾਲ ਬੁਰੀ ਤਰਹਾਂ ਕੁੱਟਮਾਰ ਕੀਤੀ। ਸ਼ਿਕਾਇਤ ਕਰਤਾ ਮੁਤਾਬਕ ਮੁਲਜਮਾਂ ਨੇ ਉਸ ਨਾਲ ਕੁੱਟਮਾਰ ਕਰਨ ਮਗਰੋਂ ਉਸ ਦੀ ਮਕਾਨ ਮਾਲਕਣ ਮਾਲਤੀ ਦੇਵੀ ਨਾਲ ਵੀ ਝਗੜਾ ਕੀਤਾ ਜਦੋਂ ਉਨ੍ਹਾਂ ਜਾਨ ਬਚਾਉਣ ਲਈ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਸਾਰੇ ਮੁਲਜਮ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।



