ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਆਮ ਲੋਕਾਂ ਦੇ ਮਿਲਟਰੀ ਰੰਗ ਦੀ ਵਰਦੀ ਅਤੇ ਵਹੀਕਲਾਂ ਦੀ ਖਰੀਦ, ਵੇਚ ਅਤੇ ਵਰਤੋਂ ਕਰਨ ’ਤੇ ਪੂਰਨ ਤੌਰ ’ਤੇ ਪਾਬੰਦੀ ਦੇ ਹੁਕਮ ਜਾਰੀ

ਬਾਲ ਕਿਸ਼ਨ
ਫ਼ਿਰੋਜ਼ਪੁਰ, 10 ਮਈ 2025: ਵਧੀਕ ਜ਼ਿਲ੍ਹਾ ਮੈਜਿਸਟਰੇਟ, ਫ਼ਿਰੋਜ਼ਪੁਰ ਡਾ. ਨਿਧੀ ਕੁਮੁਦ ਬੰਬਾਹ, ਪੀ.ਸੀ.ਐਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਹਦੂਦ ਅੰਦਰ ਆਮ ਲੋਕਾਂ ਦੇ ਮਿਲਟਰੀ ਰੰਗ ਦੀ ਵਰਦੀ ਅਤੇ ਵਹੀਕਲਾਂ ਦੀ ਖਰੀਦ, ਵੇਚ ਅਤੇ ਵਰਤੋਂ ਕਰਨ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਹੈ। ਇਹ ਹੁਕਮ ਵਰਦੀਧਾਰੀ ਪੁਲਿਸ ਜਾਂ ਪੈਰਾ ਮਿਲਟਰੀ ਫੋਰਸਜ਼ ਦੇ ਸਰਕਾਰੀ ਡਿਊਟੀ ਤੇ ਤੈਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਤੇ ਲਾਗੂ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਤੌਰ ਤੇ ਇਹ ਵੇਖਣ ਵਿੱਚ ਆਇਆ ਹੈ ਕਿ ਭਾਰਤ ਵਿੱਚ ਮਿਲਟਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਮਿਲਟਰੀ ਰੰਗ ਦੀ ਵਰਦੀ ਪਹਿਨੀ ਜਾਂਦੀ ਹੈ ਅਤੇ ਮਿਲਟਰੀ ਰੰਗ ਦੇ ਵਹੀਕਲਾਂ ਜਿਵੇਂ ਕਿ ਜੀਪਾਂ, ਮੋਟਰਸਾਈਕਲਾਂ, ਟਰੱਕਾਂ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਪਰੰਤੂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਿਲਟਰੀ ਰੰਗ ਦੀਆਂ ਵਰਦੀਆਂ/ਵਹੀਕਲਾਂ ਦਾ ਗਲਤ ਇਸਤੇਮਾਲ ਕਰਕੇ ਦੇਸ਼ ਅੰਦਰ ਅਮਨ ਅਤੇ ਸ਼ਾਂਤੀ ਵਿੱਚ ਖੱਲਲ ਪੈਦਾ ਕਰਕੇ ਮਾਨਵ ਜੀਵਨ ਹੋਂਦ ਨੂੰ ਖਤਰਾ ਪੈਦਾ ਕੀਤਾ ਜਾਂਦਾ ਹੈ। ਇਸ ਨਾਲ ਹੁੰਦੇ ਬੁਰੇ ਪ੍ਰਭਾਵ ਨੂੰ ਰੋਕਣ ਲਈ ਤੁਰੰਤ ਆਮ ਲੋਕਾਂ ਨੂੰ ਮਿਲਟਰੀ ਰੰਗ ਦੀ ਵਰਦੀ ਅਤੇ ਵਹੀਕਲਾਂ ਦੀ ਵਰਤੋਂ ਕਰਨ ਅਤੇ ਵੇਚਣ ’ਤੇ ਰੋਕ ਲਗਾਉਣੀ ਜਰੂਰੀ ਹੋ ਗਈ ਹੈ। ਇਹ ਹੁਕਮ ਮਿਤੀ 10-05-2025 ਤੋਂ ਅਗਲੇਰੇ ਹੁਕਮਾਂ ਤੱਕ ਜਾਰੀ ਰਹਿਣਗੇ।



