
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 23 ਅਪ੍ਰੈਲ-ਆਖਿਰਕਾਰ ਨੌ ਦਿਨਾਂ ਬਾਅਦ ਮਾਰਕਫੈੱਡ ਦੇ ਐਮਡੀ ਅਹੁਦਾ ਤੋਂ ਹਟਾਏ ਗਏ 2011 ਬੈਚ ਦੇ ਆਈਏਐਸ ਅਧਿਕਾਰੀ ਗਿਰਿਸ਼ ਦਯਾਲਨ ਨੂੰ ਨਵੀਂ ਨਿਯੁਕਤੀ ਮਿਲ ਗਈ ਹੈ। ਸਰਕਾਰ ਨੇ ਉਨ੍ਹਾਂ ਨੂੰ ਡਾਇਰੈਕਟਰ ਜਨਰਲ ਸਕੂਲ ਦੇ ਅਹੁਦੇ ‘ਤੇ ਤਾਇਨਾਤ ਕੀਤਾ ਹੈ। ਇਸ ਤੋਂ ਇਲਾਵਾ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਅਹੁਦੇ ਤੋਂ ਹਟਾਏ ਗਏ ਜਿਤੇਂਦਰ ਜੋਰਵਾਲ ਦੀ ਵੀ ਨਵੀਂ ਨਿਯੁਕਤੀ ਕਰ ਦਿੱਤੀ ਗਈ ਹੈ। ਉਨ੍ਹਾਂ ਨੂੰ ਪਟਿਆਲਾ ‘ਚ ਕਰ ਅਤੇ ਆਬਕਾਰੀ ਵਿਭਾਗ ‘ਚ ਵਧੀਕ ਕਮਿਸ਼ਨਰ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀਆਂ ਅੱਜ ਉਨ੍ਹਾਂ ਤਬਾਦਲਿਆਂ ਦਾ ਹਿੱਸਾ ਹਨ, ਜਿਨ੍ਹਾਂ ਵਿਚ ਸਰਕਾਰ ਨੇ ਛੇ ਆਈਏਐਸ ਤੇ ਇਕ ਪੀਸੀਐਸ ਅਧਿਕਾਰੀ ਨੂੰ ਇੱਧਰੋਂ-ਉੱਧਰ ਕੀਤਾ ਹੈ। ਰਾਜੀਵ ਪਰਾਸ਼ਰ ਨੂੰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ‘ਚ ਸਕੱਤਰ ਦੇ ਅਹੁਦੇ ‘ਤੇ ਲਗਾਇਆ ਗਿਆ ਹੈ। ਵਿਜੇ ਬੁਬਲਾਨੀ ਪਟਿਆਲਾ ਮੰਡਲ ਦੇ ਨਵੇਂ ਕਮਿਸ਼ਨਰ ਬਣਨਗੇ। ਮੋਹਿੰਦਰ ਪਾਲ ਨੂੰ ਸਕੱਤਰ ਉਦਯੋਗ ਅਤੇ ਵਣਜ, ਨਾਲ ਹੀ ਇਸ ਵਿਭਾਗ ਦੇ ਡਾਇਰੈਕਟਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਗੁਰਿੰਦਰ ਪਾਲ ਸਿੰਘ ਸਹੋਤਾ ਨੂੰ ਕਾਰਜਕਾਰੀ ਡਾਇਰੈਕਟਰ ਪੰਜਾਬ ਪੱਛੜੀ ਜਾਤੀ ਵਿੱਤੀ ਕਾਰਪੋਰੇਸ਼ਨ ‘ਚ ਲਗਾਇਆ ਹੈ।



