
ਫਿਰੋਜ਼ਪੁਰ, 4 ਮਈ- ਨਸ਼ਾ ਤਸਕਰਾਂ ਖਿਲਾਫ ਵੱਡੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ 2 ਕਿਲੋ 163 ਗ੍ਰਾਮ ਹੈਰੋਇਨ, ਸਕੂਟਰੀ ਤੇ ਮੋਬਾਈਲ ਫੋਨ ਸਮੇਤ 5 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਫਿਰੋਜ਼ਪੁਰ ਐੱਸਆਈ ਜੱਜਪਾਲ ਨੇ ਸਮੇਤ ਪੁਲਿਸ ਪਾਰਟੀ ਸੁਰਜੀਤ ਸਿੰਘ ਉਰਫ ਕਾਲੀ ਵਾਸੀ ਨਿਊ ਕਾਂਸ਼ੀ ਨਗਰੀ ਫਿਰੋਜ਼ਪੁਰ ਨੂੰ ਸਕੂਟਰ (ਪੀਬੀ 05 ਏਐੱਨ 1022) ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 1 ਕਿਲੋ 654 ਗ੍ਰਾਮ ਹੈਰੋਇਨ ਤੇ ਮੋਬਾਈਲ ਬਰਾਮਦ ਕੀਤਾ ਹੈ। ਇਸੇ ਹੀ ਥਾਣੇ ਦੇ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਗੱਟੀ ਰਾਜੋ ਕੇ ਨਵੇਂ ਬਣੇ ਗੁਰਦੁਆਰਾ ਪਾਸ ਕਣਕ ਦੇ ਵੱਢ ’ਚੋਂ 496 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਦੇ ਇੰਸਪੈਕਟਰ ਐੱਸਐੱਚਓ ਜਤਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਬੈਕਸਾਈਡ ਟੀਬੀ ਹਸਪਤਾਲ ਫਿਰੋਜ਼ਪੁਰ ’ਤੇ ਦਵਿੰਦਰ ਵਾਸੀ ਬਸਤੀ ਸੁੰਨਵਾਂ ਫਿਰੋਜ਼ਪੁਰ ਸ਼ਹਿਰ ਤੇ ਮਾਈਕਲ ਪੁੱਤਰ ਮਹਿੰਦਰ ਵਾਸੀ ਬਸਤੀ ਭੱਟੀਆਂ ਫਿਰੋਜ਼ਪੁਰ ਸ਼ਹਿਰ ਦੀ ਤਲਾਸ਼ੀ ਕਰਨ ’ਤੇ ਇਨ੍ਹਾਂ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਸਦਰ ਜ਼ੀਰਾ ਪੁਲਿਸ ਦੇ ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤੀ ਕਰਦੀ ਹੋਈ ਪਿੰਡ ਢੰਡੀਆਂ ਤੋਂ ਚੱਬਾ ਨੂੰ ਜਾ ਰਹੀ ਸੀ ਤਾਂ ਸਾਹਮਣੇ ਤੋਂ ਇਕ ਮੋਨਾ ਨੌਜਵਾਨ ਜਗਦੀਸ਼ ਸਿੰਘ ਉਰਫ ਗੀਤਾ ਪੁੱਤਰ ਮੋਹਨ ਵਾਸੀ ਚੱਬਾ ਆਉਂਦਾ ਵਿਖਾਈ ਦਿੱਤਾ, ਜਿਸ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਇਸ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਮਖੂ ਦੀ ਪੁਲਿਸ ਦੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਹੀ ਮਖੂ ਤੋਂ ਲੋਹੀਆ ਰੋਡ ’ਤੇ ਬਰਡ ਸੈਂਚੁਰੀ ਪਾਸ ਪੁੱਜੀ ਤਾਂ ਖੱਬੇ ਹੱਥ ਬਰਡ ਵੱਲੋਂ ਇਕ ਮੋਨਾ ਵਿਅਕਤੀ ਪਿੱਪਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮਹਿਮੂਦ ਵਾਲਾ ਸੜਕ ਵੱਲ ਪੈਦਲ ਆਉਂਦਾ ਵਿਖਾਈ ਦਿੱਤਾ, ਜਿਸ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।



