
ਪਟਿਆਲਾ, 4 ਮਈ : ਪੋਲੋ ਗਰਾਊਂਡ ਨੇੜੇ ਸਾਈਂ ਮਾਰਕੀਟ ਵਿਚ ਦੋ ਧਿਰਾਂ ਵਿਚਕਾਰ ਹੋਈ ਬਹਿਸ ਤੋਂ ਬਾਅਦ ਗੋਲੀਆਂ ਚੱਲ ਗਈਆਂ। ਗੋਲੀ ਚਲਾਉਣ ਵਾਲੇ ਕਾਲੇ ਰੰਗ ਦੀ ਸਕਾਰਪੀਓ ਵਿੱਚ ਭੱਜ ਗਏ ਪਰ ਪੁਲਿਸ ਨੇ ਘਟਨਾ ਦੇ ਇਕ ਘੰਟੇ ਦੇ ਅੰਦਰ-ਅੰਦਰ ਦੋ ਜਣਿਆਂ ਨੂੰ ਕਾਬੂ ਕਰ ਲਿਆ। ਇਹ ਘਟਨਾ ਸ਼ਨੀਵਾਰ ਦੁਪਹਿਰ 3 ਤੋਂ 4 ਵਜੇ ਦੇ ਵਿਚਕਾਰ ਵਾਪਰੀ ਦੱਸੀ ਜਾ ਰਹੀ ਹੈ। ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਪੁਲਿਸ ਟੀਮ ਮੌਕੇ ਤੇ ਪਹੁੰਚੀ ਸੀ, ਸਾਰੇ ਥਾਣਿਆਂ ਨੂੰ ਸੂਚਿਤ ਕਰਨ ਤੋਂ ਬਾਅਦ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ। ਇਕ ਨੌਜਵਾਨ ਬਰਨਾਲਾ ਦਾ ਰਹਿਣ ਵਾਲਾ ਹੈ ਅਤੇ ਦੂਜਾ ਪਟਿਆਲਾ ਦਾ ਰਹਿਣ ਵਾਲਾ ਹੈ, ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਬਲਕਿ ਬਚਾਅ ਰਿਹਾ ਹੈ। ਜਾਣਕਾਰੀ ਅਨੁਸਾਰ ਸੱਤ ਤੋਂ ਅੱਠ ਨੌਜਵਾਨ ਦੁਪਹਿਰ ਦਾ ਖਾਣਾ ਖਾਣ ਲਈ ਕੋਹਲੀ ਢਾਬੇ ਤੇ ਪਹੁੰਚੇ ਸਨ। ਜਦੋਂ ਉਹ ਖਾਣਾ ਖਾਣ ਤੋਂ ਬਾਅਦ ਬਾਹਰ ਆਏ ਤਾਂ ਸੜਕ ਤੇ ਦੋਵਾਂ ਧਿਰਾਂ ਵਿਚਕਾਰ ਬਹਿਸ ਹੋ ਗਈ। ਇਸ ਦੌਰਾਨ ਇਕ ਨੌਜਵਾਨ ਨੇ ਹਥਿਆਰ ਕੱਢਿਆ ਅਤੇ ਇੱਕ ਤੋਂ ਬਾਅਦ ਇਕ ਕਈ ਗੋਲੀਆਂ ਚਲਾਈਆਂ ਅਤੇ ਇਹ ਨੌਜਵਾਨ ਸਕਾਰਪੀਓ ਕਾਰ ਵਿਚ ਭੱਜ ਗਏ। ਪੁਲਿਸ ਨੂੰ ਮੌਕੇ ਤੇ ਦੋ ਗੋਲੀਆਂ ਚੱਲਣ ਦੇ ਸੁਰਾਗ ਮਿਲੇ ਹਨ ਅਤੇ ਖੋਲ ਵੀ ਬਰਾਮਦ ਹੋਏ ਹਨ। ਇਸ ਘਟਨਾ ਦੀ ਇਕ ਵੀਡੀਓ ਵੀ ਇੰਟਰਨੈੱਟ ਤੇ ਵਾਇਰਲ ਹੋਈ ਹੈ, ਜਿਸ ਵਿਚ ਨੌਜਵਾਨ ਕਾਲੇ ਰੰਗ ਦੀ ਸਕਾਰਪੀਓ ਕਾਰ ਵਿਚ ਭੱਜਦੇ ਦਿਖਾਈ ਨਜ਼ਰ ਆ ਰਹੇ ਹਨ। — ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ ਘਟਨਾ ਤੋਂ ਬਾਅਦ ਡਿਵੀਜ਼ਨ ਨੰਬਰ 2 ਦੇ ਇੰਚਾਰਜ ਦਵਿੰਦਰ ਸਿੰਘ, ਕੋਤਵਾਲੀ ਪੁਲਿਸ ਸਟੇਸ਼ਨ ਦੇ ਇੰਚਾਰਜ ਜਸਪ੍ਰੀਤ ਸਿੰਘ ਕਾਹਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਸਮੇਤ ਮੌਕੇ ਤੇ ਪਹੁੰਚੇ। ਐਸਪੀ ਚੀਮਾ ਨੇ ਘਟਨਾ ਸਬੰਧੀ ਸਾਰੇ ਥਾਣਿਆਂ ਦੇ ਐਸਐਚਓ ਅਤੇ ਪੀਸੀਆਰ ਨੂੰ ਸੁਚੇਤ ਕਰ ਦਿੱਤਾ ਸੀ, ਜਿਸ ਕਾਰਨ ਇਕ ਘੰਟੇ ਦੇ ਅੰਦਰ ਦੋ ਨੌਜਵਾਨਾਂ ਅਤੇ ਹਥਿਆਰ ਦੇ ਨਾਲ-ਨਾਲ ਗੱਡੀ ਵੀ ਬਰਾਮਦ ਕਰ ਲਈ ਗਈ। ਐਸਪੀ ਚੀਮਾ ਨੇ ਕਿਹਾ ਕਿ ਹਥਿਆਰ ਲਾਇਸੈਂਸੀ ਦੱਸਿਆ ਜਾ ਰਿਹਾ ਹੈ, ਜਿਸ ਦੇ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਇਹ ਸਪੱਸ਼ਟ ਹੋ ਜਾਵੇਗਾ ਕਿ ਲੜਾਈ ਢਾਬਾ ਮਾਲਕ ਨਾਲ ਸੀ ਜਾਂ ਇਹ ਨੌਜਵਾਨਾਂ ਦਾ ਨਿੱਜੀ ਮਾਮਲਾ ਹੈ।



