NIA ਨੇ ਤਹੱਵੁਰ ਰਾਣਾ ਦੀ ਆਵਾਜ਼ ਤੇ ਹੱਥ ਲਿਖਤ ਦੇ ਲਏ ਨਮੂਨੇ, ਅਦਾਲਤ ‘ਚ ਬੰਦ ਕਮਰੇ ‘ਚ ਲਿਖੇ ਗਏ ਸਨ ਅੱਖਰ ਤੇ ਨੰਬਰ

ਨਵੀਂ ਦਿੱਲੀ, 4 ਮਈ : ਐੱਨਆਈਏ ਨੇ ਸ਼ਨਿਚਰਵਾਰ ਨੂੰ 26/11 ਮੁੰਬਈ ਅੱਤਵਾਦੀ ਹਮਲੇ ਦੇ ਮੁਲਜ਼ਮ ਤਹੱਵੁਰ ਰਾਣਾ ਦੀ ਆਵਾਜ਼ ਤੇ ਲਿਖਾਈ ਦੇ ਨਮੂਨੇ ਇਕੱਤਰ ਕੀਤੇ ਹਨ। ਰਾਣਾ ਨੂੰ ਸਖ਼ਤ ਸੁਰੱਖਿਆ ਵਿਚਾਲੇ ਪਟਿਆਲਾ ਹਾਊਸ ਸਥਿਤ ਪਹਿਲੇ ਵਰਗ ਦੇ ਨਿਆਇਕ ਮੈਜਿਸਟ੍ਰੇਟ ਵੈਭਵ ਕੁਮਾਰ ਦੇ ਸਾਹਮਣੇ ਪੇਸ਼ ਕੀਤਾ ਗਿਆ। ਅਦਾਲਤ ’ਚ ਬੰਦ ਕਮਰੇ ’ਚ ਐੱਨਆਈਏ ਨੇ ਰਾਣਾ ਦੀ ਲਿਖਾਵਟ ਦੇ ਨਮੂਨੇ ਲਏ। ਇਸ ਵਿਚ ਰਾਣਾ ਤੋਂ ਕਈ ਅੱਖਰ ਤੇ ਅੱਕ ਲਿਖਵਾਏ ਗਏ। ਉਧਰ, ਰਾਣਾ ਦੀ ਆਵਾਜ਼ ਦੇ ਨਮੂਨੇ ਐੱਨਆਈਏ ਦੇ ਦਫ਼ਤਰ ’ਚ ਲਏ ਗਏ। ਰਾਣਾ ਵੱਲੋਂ ਪੇਸ਼ ਕਾਨੂੰਨੀ ਸਹਾਇਕ ਵਕੀਲ ਪੀਯੂਸ਼ ਸਚਦੇਵਾ ਨੇ ਕਿਹਾ ਕਿ ਰਾਣਾ ਨੇ ਆਵਾਜ਼ ਤੇ ਲਿਖਾਈ ਦੇ ਨਮੂਨੇ ਦੇਣ ਲਈ ਹਾਲ ਹੀ ਵਿਚ ਦਿੱਤੇ ਗਏ ਅਦਾਲਤੀ ਹੁਕਮ ਦੀ ਪਾਲਣਾ ਕੀਤੀ ਹੈ। ਪਾਕਿਸਤਾਨੀ ਮੂਲ ਦੇ 64 ਸਾਲਾ ਕੈਨੇਡੀਅਨ ਕਾਰੋਬਾਰੀ ਰਾਣਾ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਮੁੰਬਈ ਵਿੱਚ 2008 ਦੇ ਅੱਤਵਾਦੀ ਹਮਲੇ ਵਿੱਚ ਉਸਦੀ ਭੂਮਿਕਾ ਦੇ ਸੰਬੰਧ ਵਿੱਚ ਅਮਰੀਕਾ ਤੋਂ ਹਵਾਲਗੀ ਕੀਤੀ ਗਈ ਸੀ। ਉਸਦੀ ਹਵਾਲਗੀ ਤੋਂ ਬਾਅਦ, ਉਸਨੂੰ ਨਵੀਂ ਦਿੱਲੀ ਵਿੱਚ NIA ਹਿਰਾਸਤ ਵਿੱਚ ਰੱਖਿਆ ਗਿਆ ਸੀ, ਜਿੱਥੇ ਜਾਂਚਕਰਤਾ ਹਮਲਿਆਂ ਦੇ ਦੋਸ਼ੀਆਂ ਨਾਲ ਉਸਦੇ ਸਬੰਧਾਂ ਦੀ ਜਾਂਚ ਕਰ ਰਹੇ ਹਨ।



