
ਅੰਮ੍ਰਿਤਸਰ, 13 ਅਗਸਤ : ਅੰਮ੍ਰਿਤਸਰ ਵਿਖੇ ਮਨਾਏ ਜਾ ਰਹੇ ਜ਼ਿਲ੍ਹਾ ਪੱਧਰੀ 79ਵੇਂ ਆਜ਼ਾਦੀ ਦਿਵਸ ਸਮਾਗਮ ’ਚ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਆਜ਼ਾਦੀ ਦਿਵਸ ਮੌਕੇ ਇਸ ਵਾਰ ਵੀ ਰਾਸ਼ਟਰੀ ਗੀਤ ਬੋਲਣ ਦੀ ਕਮਾਂਡ ਸਪੈਸ਼ਲ ਬੱਚੇ ਸੰਭਾਲਣਗੇ। ਇਨ੍ਹਾਂ ਬੱਚਿਆਂ ਨੂੰ ਵਿਸ਼ੇਸ਼ ਟ੍ਰੇਨਿੰਗ ਦੌਰਾਨ ਪ੍ਰੈਕਟਿਸ ਕਰਵਾਈ ਗਈ ਹੈ ਤੇ ਆਜ਼ਾਦੀ ਦਿਵਸ ਦੇ ਇਸ ਸਮਾਗਮ ’ਚ ਹਿੱਸਾ ਲੈਣ ਲਈ ਇਹ ਸਪੈਸ਼ਲ ਬੱਚੇ ਬੇਹੱਦ ਉਤਸ਼ਾਹਿਤ ਦਿਖਾਈ ਦੇ ਰਹੇ ਹਨ। ਇਨ੍ਹਾਂ ਬੱਚਿਆਂ ’ਚ ਪਿੰਗਲਵਾੜਾ ਸੁਸਾਇਟੀ ਦੇ ਅਧੀਨ ਚੱਲਣ ਵਾਲੇ ਭਗਤ ਪੂਰਨ ਸਿੰਘ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਦੇ ਮਾਨਾਂਵਾਲਾ ਬ੍ਰਾਂਚ ਦੇ 20 ਬੱਚੇ, ਪਹਿਲ ਸਰਕਾਰੀ ਸਕੂਲ ਕਰਮਪੁਰਾ ਬੀ ਬਲਾਕ ਰਣਜੀਤ ਐਵੀਨਿਊ ਦੇ 20 ਬੱਚੇ ਤੇ ਡੀਏਵੀ ਰੈੱਡ ਕਰਾਸ ਸਕੂਲ ਦੇ 7 ਬੱਚੇ ਆਪਣੀ ਕਲਾ ਦਾ ਹੁਨਰ ਦਿਖਾਉਂਦਿਆਂ। ਆਜ਼ਾਦੀ ਦਿਵਸ ਸਮਾਰੋਹ ਦੇ ਜਸ਼ਨਾਂ ਦਾ ਹਿੱਸਾ ਬਣਨਗੇ। ਇਸ ਸਬੰਧੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਉਪਰਾਲੇ ਸਦਕਾ ਉਪਰੋਕਤ ਤਿੰਨਾਂ ਸਕੂਲ ਦੇ ਪ੍ਰਬੰਧਕਾਂ ਨੂੰ ਪੱਤਰ ਵੀ ਜਾਰੀ ਕੀਤਾ ਗਿਆ ਸੀ। ਸਪੈਸ਼ਲ ਬੱਚਿਆਂ ਨੂੰ ਇਹ ਵਿਸ਼ੇਸ਼ ਮੌਕਾ ਦੇਣ ਲਈ ਉਪਰੋਕਤ ਸਕੂਲਾਂ ਦੇ ਪ੍ਰਬੰਧਕਾਂ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦਾ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 26 ਜਨਵਰੀ 2025 ਨੂੰ ਵੀ ਸਪੈਸ਼ਲ ਬੱਚੇ ਗਣਤੰਤਰ ਦਿਵਸ ਸਮਾਰੋਹ ਦਾ ਹਿੱਸਾ ਬਣ ਚੁੱਕੇ ਹਨ। ਇਸ ਵਾਰ ਵੀ ਡੀਸੀ ਸਾਕਸ਼ੀ ਸਾਹਨੀ ਦੇ ਵਿਸ਼ੇਸ਼ ਉਪਰਾਲੇ ਸਦਕਾ ਇਹ ਬੱਚੇ ਦੂਜੀ ਵਾਰ ਰਾਸ਼ਟਰੀ ਗੀਤ ਬੋਲ ਕੇ ਦੇਸ਼ ਭਗਤੀ ਦਾ ਜਜ਼ਬਾ ਦਿਖਾਉਣਗੇ। ਇਸ ਬਾਰੇ ਗੱਲਬਾਤ ਕਰਦਿਆਂ ਭਗਤ ਪੂਰਨ ਸਿੰਘ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਦੇ ਪ੍ਰਿੰਸੀਪਲ ਅਨੀਤਾ ਬੱਤਰਾ ਨੇ ਦੱਸਿਆ ਕਿ 8 ਅਗਸਤ ਨੂੰ ਇਨ੍ਹਾਂ ਬੱਚਿਆਂ ਦੀ ਗਾਂਧੀ ਗਰਾਊਂਡ ਵਿਖੇ ਵਿਸ਼ੇਸ਼ ਰਿਹਰਸਲ ਕਰਵਾਈ ਗਈ ਸੀ, ਜਦਕਿ ਉਸ ਤੋਂ ਬਾਅਦ ਸਕੂਲ ਵਿਖੇ ਲਗਾਤਾਰ ਪ੍ਰੈਕਟਿਸ ਜਾਰੀ ਹੈ। ਪ੍ਰਿੰਸੀਪਲ ਅਨੀਤਾ ਬੱਤਰਾ ਨੇ ਕਿਹਾ ਕਿ ਡੀਸੀ ਸਾਕਸ਼ੀ ਸਾਹਨੀ ਵਲੋਂ ਇਨ੍ਹਾਂ ਸਪੈਸ਼ਲ ਬੱਚਿਆਂ ਨੂੰ ਇਹ ਵਿਸ਼ੇਸ਼ ਮੌਕਾ ਦੇਣਾ ਬਹੁਤ ਹੀ ਸ਼ਲਾਘਾਯੋਗ ਹੈ, ਜਦਕਿ ਇਸ ਤੋਂ ਪਹਿਲਾਂ ਕਿਸੇ ਅਧਿਕਾਰੀ ਨੇ ਇਨ੍ਹਾਂ ਬੱਚਿਆਂ ਬਾਰੇ ਸ਼ਾਇਦ ਹੀ ਕਦੇ ਸੋਚਿਆ ਹੋਵੇ। ਪਹਿਲ ਸਰਕਾਰੀ ਸਕੂਲ ਕਰਮਪੁਰਾ ਬੀ ਬਲਾਕ ਰਣਜੀਤ ਐਵੀਨਿਊ ਤੋਂ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ 20 ਬੱਚੇ ਸ਼ਾਮਲ ਹੋਣਗੇ ਤੇ ਉਹ ਸਮਾਰੋਹ ਦਾ ਹਿੱਸਾ ਬਣਨ ਲਈ ਪੂਰੀ ਤਰ੍ਹਾਂ ਉਤਸ਼ਾਹਿਤ ਹਨ।24 ਸਾਈਨ ਲੈਂਗੂਏਜ਼ ’ਚ ਨਿਸ਼ਾ ਨੇ ਦਿੱਤੀ ਵਿਸ਼ੇਸ਼ ਟ੍ਰੇਨਿੰਗ ਭਗਤ ਪੂਰਨ ਸਿੰਘ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਦੇ ਮਾਨਾਂਵਾਲਾ ਬ੍ਰਾਂਚ ਦੇ 20 ਸਪੈਸ਼ਲ਼ ਬੱਚਿਆਂ ’ਚ 10 ਬੱਚੇ ਡੈਫ ਬੱਚੇ ਵੀ ਸ਼ਾਮਲ ਹਨ। ਇਸ ਸਕੂਲ ਦੇ 10 ਬੱਚੇ ਬਾਕੀ ਬੱਚਿਆਂ ਨਾਲ ਰਾਸ਼ਟਰੀ ਗੀਤ ਬੋਲਣਗੇ, ਜਦਕਿ 10 ਡੈਫ ਬੱਚੇ ਆਪਣੀ ਸਾਈਨ ਲੈਂਗੂਏਜ਼ ਤੇ ਸੰਗੀਤ ਸਾਜਾਂ ਨਾਲ ਆਪਣੀ ਸ਼ਮੂਲੀਅਤ ਦਰਸਾਉਣਗੇ। ਸਾਈਨ ਲੈਂਗੂਏਜ਼ ’ਚ ਸੁਣਨ ਬੋਲਣ ਤੋਂ ਅਸਮਰਥ ਬੱਚਿਆਂ ਨੂੰ ਭਗਤ ਪੂਰਨ ਸਿੰਘ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਦੇ ਮਾਨਾਂਵਾਲਾ ਬ੍ਰਾਂਚ ਦੇ ਅਧਿਆਪਕ ਤੇ ਸਪੈਸ਼ਲ ਐਜੂਕੇਟਰ ਨਿਸ਼ਾ ਮਹਾਜਨ ਵੱਲੋਂ ਮੁਹਾਰਤ ਦਿੱਤੀ ਗਈ ਹੈ। ਨਿਸ਼ਾ ਨੇ ਦੱਸਿਆ ਕਿ ਇਹ ਬੱਚੇ ਪੂਰੀ ਤਿਆਰ ਹਨ ਤੇ ਆਪਣੀ ਵਿਸ਼ੇਸ਼ ਕਲਾ ਦਾ ਹੁਨਰ ਦਰਸ਼ਕਾਂ ਸਾਹਮਣੇ ਪੇਸ਼ ਕਰਨਗੇ। ਇਨ੍ਹਾਂ ਨੂੰ ਵਿਸ਼ੇਸ਼ ਪ੍ਰੈਕਟਿਸ ਕਰਵਾਈ ਗਈ ਹੈ, ਜਦਕਿ ਦੂਸਰੇ ਸਪੈਸ਼ਲ ਬੱਚਿਆਂ ਨਾਲ ਪ੍ਰਿੰਸੀਪਲ ਅਨੀਤਾ ਬੱਤਰਾ ਤੋਂ ਇਲਾਵਾ ਮਨਜੀਤ ਕੌਰ, ਮੁਸਕਾਨ ਤੇ ਮਨਿੰਦਰ ਕੌਰ ਵੀ ਸ਼ਾਮਲ ਹੋਣਗੇ। ਇਸ ਸਕੂਲ ਦੇ ਸਾਰੇ ਬੱਚੇ ਵਾਈਟ ਯੂਨੀਫਾਰਮ ਲੜਕੇ ਕੁੜਤੇ ਪਜਾਮੇ ਤੇ ਲੜਕੀਆਂ ਸੂਟ ’ਚ ਦਿਖਾਈ ਦੇਣਗੇ। ਬਾਕਸ ਡੀਏਵੀ ਰੈੱਡ ਕਰਾਸ ਸਕੂਲ ਦੇ 7 ਬੱਚੇ ਹੋਣਗੇ ਸ਼ਾਮਲ ਡੀਏਵੀ ਰੈੱਡ ਕਰਾਸ ਸਕੂਲ ਦੇ ਪ੍ਰਿੰਸੀਪਲ ਸਿੰਮੀ ਲੂਥਰਾ ਨੇ ਵੀ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਵੀ 7 ਬੱਚੇ (ਸੁਣਨ ਬੋਲਣ ਤੋਂ ਅਸਮਰੱਥ) ਬੱਚੇ ਵੀ ਡੈੱਫ ਐਂਡ ਡੰਬ ਹਨ। ਇਹ ਬੱਚੇ ਵੀ ਸਾਈਨ ਲੈਂਗੂਏਜ਼ ’ਚ ਆਪਣੀ ਵਿਸ਼ੇਸ਼ ਕਲਾ ਦਾ ਪ੍ਰਦਰਸ਼ਨ ਕਰਨਗੇ। ਇਸ ਸਬੰਧੀ ਸਕੂਲ ਦੇ ਅਧਿਆਪਕਾਂ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਹੈ। ਪ੍ਰਿੰਸੀਪਲ ਸਿੰਮੀ ਲੂਥਰਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਪੈਸ਼ਲ ਬੱਚਿਆਂ ਨੂੰ ਇਹ ਮੌਕਾ ਦੇਣਾ ਬਹੁਤ ਵਧੀਆ ਉਪਰਾਲਾ ਹੈ ਤੇ ਇਸ ਦੇ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ। ਡੀਸੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਸਪੈਸ਼ਲ ਬੱਚੇ ਸਾਡੇ ਸਮਾਜ ਦਾ ਵਿਸ਼ੇਸ਼ ਹਿੱਸਾ ਹਨ। ਇਨ੍ਹਾਂ ਬੱਚਿਆਂ ਵਲੋਂ ਵੀ ਬਹੁਤ ਵਧੀਆ ਭੂਮਿਕਾ ਨਿਭਾਈ ਜਾ ਰਹੀ ਹੈ। ਇਸੇ ਲਈ ਇਸ ਵਾਰ ਵੀ ਇਨ੍ਹਾਂ ਬੱਚਿਆਂ ਨੂੰ ਰਾਸ਼ਟਰੀ ਗੀਤ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਦੀ ਹੋਰ ਵੀ ਹੌਂਸਲਾ ਅਫਜ਼ਾਈ ਹੋ ਸਕੇ। ਖਾਸ ਗੱਲ ਇਹ ਵੀ ਹੈ ਕਿ ਮੁੱਖ ਮਹਿਮਾਨ ਵੱਲੋਂ ਹਵਾ ’ਚ ਗੁਬਾਰੇ ਛੱਡੇ ਜਾਣ ਦੀ ਰਸਮ ਵੀ ਇਨ੍ਹਾਂ ਬੱਚਿਆਂ ਨਾਲ ਨਿਭਾਈ ਜਾਵੇਗੀ। ਜ਼ਿਕਰਯੋਗ ਹੈ ਕਿ ਡੀਸੀ ਸਾਕਸ਼ੀ ਸਾਹਨੀ ਸਪੈਸ਼ਲ ਬੱਚਿਆਂ ਨਾਲ ਵਿਸ਼ੇਸ਼ ਮੋਹ ਰੱਖਦੇ ਹਨ ਤੇ ਉਨ੍ਹਾਂ ਵਲੋਂ ਇਨ੍ਹਾਂ ਬੱਚਿਆਂ ਦੀ ਭਲਾਈ ਤੇ ਇਨ੍ਹਾਂ ਵੀ ਸਮਾਜ ਚ ਵੱਖਰੀ ਪਛਾਣ ਬਣਾਉਣ ਦੇ ਮਕਸਦ ਨਾਲ ਕਈ ਉਪਰਾਲੇ ਕੀਤੇ ਜਾ ਰਹੇ ਹਨ। ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਇਸ ਸਮਾਰੋਹ ਨੂੰ ਡੀਸੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਆਪਣੀ-ਆਪਣੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਡੀਸੀ ਨੇ ਦੱਸਿਆ ਕਿ ਆਜਾਦੀ ਦਿਵਸ ਸਮਾਰੋਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਅੱਜ 13 ਅਗਸਤ ਨੂੰ ਹੋਵੇਗੀ। ਬੱਚਿਆਂ ਦੇ ਬੈਠਣ ਤੇ ਰਿਫਰੈਸ਼ਮੈਂਟ ਤੇ ਹੋਰ ਲੋੜੀਦੇ ਕੰਮਾਂ ਲਈ ਜਸਪ੍ਰੀਤ ਸਿੰਘ ਸੀਡੀਪੀਓ ਨੋਡਲ ਅਫਸਰ ਹੋਣਗੇ। ਕਿਸੇ ਵੀ ਬੱਚੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।



