
ਲੁਧਿਆਣਾ, 27 ਅਪ੍ਰੈਲ-ਸ਼ਨੀਵਾਰ ਨੂੰ ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ। ਇਥੇ ਦਿਨ ਦਾ ਤਾਪਮਾਨ 43.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਕਿ ਆਮ ਤਾਪਮਾਨ ਤੋਂ ਪੰਜ ਡਿਗਰੀ ਸੈਲਸੀਅਸ ਵੱਧ ਸੀ। ਪਟਿਆਲਾ ਵਿਚ 42.8 ਅਤੇ ਲੁਧਿਆਣਾ ਅਤੇ ਚੰਡੀਗੜ੍ਹ ਵਿਚ ਤਾਪਮਾਨ 41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਠਾਨਕੋਟ, ਅੰਮ੍ਰਿਤਸਰ, ਫਤਿਹਗੜ੍ਹ ਸਾਹਿਬ ਵਿਚ ਤਾਪਮਾਨ 40 ਡਿਗਰੀ ਸੈਲਸੀਅਸ, ਰੂਪਨਗਰ, ਹੁਸ਼ਿਆਰਪੁਰ, ਮੁਹਾਲੀ, ਗੁਰਦਾਸਪੁਰ ਅਤੇ ਜਲੰਧਰ ਵਿਚ ਤਾਪਮਾਨ 39 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ, ਮੌਸਮ ਵਿਭਾਗ ਦੇ ਅਨੁਸਾਰ ਐਤਵਾਰ ਤੋਂ ਤਿੰਨ ਦਿਨਾਂ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਲੂ ਚੱਲ ਸਕਦੀ ਹੈ। ਜਦਕਿ 30 ਅਪ੍ਰੈਲ ਤੋਂ 2 ਮਈ ਤੱਕ ਪੰਜਾਬ ਦੇ ਕਈ ਸਥਾਨਾਂ ‘ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਧੂੜ ਭਰੀਆਂ ਹਵਾਵਾਂ ਚੱਲਣ ਅਤੇ ਬੂੰਦਾਬਾਂਦੀ ਦੀ ਸੰਭਾਵਨਾ ਹੈ। ਇਸ ਦੌਰਾਨ ਗਰਜ ਦੇ ਨਾਲ ਛਿਟੇ ਵੀ ਪੈ ਸਕਦੇ ਹਨ, ਜਦਕਿ ਕੁਝ ਜ਼ਿਲ੍ਹਿਆਂ ਵਿਚ ਹਲਕੇ ਤੋਂ ਸਧਾਰਨ ਮੀਂਹ ਦੀ ਸੰਭਾਵਨਾ ਹੈ।



