
ਅੰਮ੍ਰਿਤਸਰ, 23 ਅਪਰੈਲ-ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਨਿਰਦੇਸ਼ਾਂ ‘ਤੇ ਐੱਮਟੀਪੀ ਵਿਭਾਗ ਨੇ ਸਾਬਕਾ ਕੌਂਸਲਰ ਸ਼ੈਲਿੰਦਰ ਸਿੰਘ ਸ਼ੈਲੀ ਵਿਰੁੱਧ ਥਾਣਾ ਬੀ ਡਿਵੀਜ਼ਨ ਵਿਚ ਐਫਆਈਆਰ ਦਰਜ ਕਰਵਾਈ ਹੈ। ਗੈਰ-ਕਾਨੂੰਨੀ ਉਸਾਰੀ ‘ਤੇ ਨਿਗਮ ਵੱਲੋਂ ਲਗਾਈ ਗਈ ਸੀਲ ਤੋੜਣ ਦੇ ਦੋਸ਼ ਵਿਚ ਸ਼ੈਲੀ ਵਿਰੁੱਧ ਕਾਰਵਾਈ ਕੀਤੀ ਗਈ ਹੈ। ਸ਼ੈਲੀ ਨੂੰ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕਰੀਬੀ ਮੰਨਿਆ ਜਾਂਦਾ ਹੈ। ਮਹੰਤ ਲਕਸ਼ਮਣ ਦਾਸ ਸੁਲਤਾਨਵਿੰਡ ਰੋਡ ਇਲਾਕੇ ਦੇ ਲੋਕਾਂ ਨੇ ਇਸ ਗੈਰ-ਕਾਨੂੰਨੀ ਉਸਾਰੀ ਵਿਰੁੱਧ ਨਿਗਮ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਨਿਗਮ ਨੇ 15 ਅਪ੍ਰੈਲ ਨੂੰ ਇਸ ਇਮਾਰਤ ਨੂੰ ਸੀਲ ਕਰ ਦਿੱਤਾ। ਨਿਰਮਾਣਕਰਤਾ ਸ਼ੈਲਿੰਦਰ ਸਿੰਘ ਸ਼ੈਲੀ ਨੇ ਆਪਣੇ ਪੱਧਰ ‘ਤੇ ਇਸ ਸੀਲ ਨੂੰ ਤੋੜ ਦਿੱਤਾ। ਉਸ ਨੇ ਇਮਾਰਤ ਵਿਚ ਕੰਮ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਸੀ। ਨਗਰ ਨਿਗਮ ਕਮਿਸ਼ਨਰ ਨੇ 22 ਅਪ੍ਰੈਲ ਨੂੰ ਪੁਲਿਸ ਕਮਿਸ਼ਨਰ ਨੂੰ ਇਕ ਪੱਤਰ ਲਿਖਿਆ ਸੀ। ਜਿਸ ਵਿਚ ਇਸ ਗੈਰ-ਕਾਨੂੰਨੀ ਉਸਾਰੀ ਨੂੰ ਰੋਕਣ ਲਈ ਇਕ ਪੁਲਿਸ ਮੁਲਾਜਮ ਤਾਇਨਾਤ ਕਰਨ ਲਈ ਕਿਹਾ ਗਿਆ ਸੀ। ਸੀਲ ਤੋੜਣ ਵਿਰੁੱਧ ਕਾਰਵਾਈ ਕਰਨ ਲਈ ਇਕ ਪੱਤਰ ਵੀ ਲਿਖਿਆ ਗਿਆ ਸੀ। ਨਗਰ ਨਿਗਮ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਕਸ਼ਾ ਪਾਸ ਕਰਵਾਏ ਬਿਨਾਂ ਕੋਈ ਵੀ ਉਸਾਰੀ ਨਾ ਕਰਨ। ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੇਗੀ।



