
ਡੇਰਾ ਬਾਬਾ ਨਾਨਕ, 21 ਅਪ੍ਰੈਲ-ਇਸਾਈ ਧਰਮ ਅਪਣਾ ਚੁੱਕੇ ਇਕ ਪਰਿਵਾਰ ਦੀ ਹੈਰਾਨ ਕਰਨ ਵਾਲੀ ਹਰਕਤ ਸਾਹਮਣੇ ਆਈ ਹੈ ਜਿਸ ’ਚ ਪੂਰੇ ਪਰਿਵਾਰ ਨੇ ਸਾਜ਼ਿਸ ਕਰ ਕੇ ਪਹਿਲਾਂ ਕੁੜੀ ਨੂੰ ਅਗ਼ਵਾ ਕੀਤਾ, ਫਿਰ ਪਾਸਟਰ ਨੇ ਉਸ ਦਾ ਜਬਰੀ ਧਰਮ ਬਦਲਿਆ, ਉਸ ਤੋਂ ਬਾਅਦ ਪਰਿਵਾਰ ਦਾ ਪੁੱਤਰ ਕੁੜੀ ਨੂੰ ਬੰਧਕ ਬਣਾ ਕੇ ਲਗਾਤਾਰ ਤਿੰਨ ਮਹੀਨੇ ਤੱਕ ਉਸ ਨਾਲ ਜਬਰ ਜਨਾਹ ਕਰਦਾ ਰਿਹਾ। ਕੁੜੀ ਦਾ ਪ੍ਰੈਗਟਨੈਂਸੀ ਟੈਸਟ ਕਰਵਾਇਆ ਗਿਆ ਤਾਂ ਪਤਾ ਲੱਗਿਆ ਕਿ ਕੁੜੀ ਗਰਭਵਤੀ ਹੋ ਗਈ ਹੈ, ਇਸ ਤੋਂ ਬਾਅਦ ਪੂਰਾ ਘਰ ਨੂੰ ਤਾਲਾ ਲਗਾ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਪੀੜਤ ਕੁੜੀ ਦੀ ਸ਼ਿਕਾਇਤ ’ਤੇ ਪਾਸਟਰ ਸਮੇਤ 13 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਡੇਰਾ ਬਾਬਾ ਨਾਨਕ ਦੇ ਪਿੰਡ ਦੀ 22 ਸਾਲਾ ਕੁੜੀ ਨੇ ਦੱਸਿਆ ਕਿ ਉਹ ਰਾਈਸ ਮਿੱਲ ਮਹੋਵਾਲੀ ’ਚ ਕੰਮ ਕਰਦੀ ਹੈ। ਸਾਵਰ ਮਸੀਹ ਵਾਸੀ ਪੱਖੋਕੇ ਟਾਹਲੀ ਸਾਹਿਬ ਉਸ ਦਾ ਪਿੱਛਾ ਕਰਦਾ ਸੀ। ਸਾਵਰ ਮਸੀਹ ਨੇ ਨਪਿੰਦਰ ਸਿੰਘ ਤੋਂ ਉਸ ਦੀ ਇੰਸਟਾਗ੍ਰਾਮ ਆਈਡੀ ਲੈ ਕੇ ਉਸ ਨੂੰ ਫਾਲੋਅ ਕਰਨਾ ਸ਼ੁਰੂ ਕਰ ਦਿੱਤਾ। 19 ਜਨਵਰੀ ਨੂੰ ਸ਼ਾਮ 3.50 ਵਜੇ ਸਾਵਰ ਮਸੀਹ ਆਪਣੀ ਭੁਆ ਦੇ ਪੁੱਤਰ ਹੈਪੀ ਮਸੀਹ ਨਾਲ ਸਕੂਟੀ ’ਤੇ ਆਇਆ। ਸਾਵਰ ਮਸੀਹ ਨੇ ਹੱਥ ’ਚ ਕਿਰਚ ਲਈ ਹੋਈ ਸੀ। ਉਹ ਡਰਾ-ਧਮਕਾ ਕੇ ਉਸ ਨੂੰ ਸਕੂਟੀ ’ਚ ਬਿਠਾ ਕੇ ਸ਼ੈਲਰ ਤੋਂ ਲੈ ਗਏ। ਰਸਤੇ ’ਚ ਕਲਾਨੌਰ ਮੋੜੇ ’ਤੇ ਸਾਵਰ ਮਸੀਹ ਦੀ ਵੱਡੀ ਭੈਣ ਰੀਨਾ ਆਪਣੀ ਸਕੂਟੀ ਲੈ ਕੇ ਖੜ੍ਹੀ ਸੀ। ਸਾਵਰ ਉਸ ਨੂੰ ਰੀਨਾ ਦੀ ਸਕੂਟੀ ’ਤੇ ਬਿਠਾ ਕੇ ਬੱਸ ਸਟੈਂਡ ਅੰਮ੍ਰਿਤਸਰ ਨੇੜੇ ਲੈ ਗਿਆ। ਉੱਥੇ ਕਾਰ ’ਚ ਸਵਾਰ ਦੋ ਨੌਜਵਾਨਾਂ ਨਾਲ ਸਾਵਰ ਮਸੀਹ ਤੇ ਹੈੱਪੀ ਮਸੀਹ ਉਸ ਨੂੰ ਕਿਸੇ ਬੇਪਛਾਣ ਥਾਂ ’ਤੈ ਲੈ ਗਏ। ਉੱਥੇ ਸਾਵਰ ਦੀ ਮਾਂ ਜੀਨਾ, ਭੈਣ ਕਾਜਲ ਤੇ ਰੀਨਾ ਤੇ ਉਸ ਦੇ ਪਿਤਾ ਕਸ਼ਮੀਰ ਸਮੀਹ ਰਹਿ ਰਹੇ ਸਨ। ਉੱਥੇ ਪਰਵੇਜ਼ ਮਸੀਹ ਵਾਸੀ ਪੱਖੋਕੇ ਟਾਹਲੀ ਸਾਹਬ ਤੇ ਨਪਿੰਦਰ ਸਿੰਘ ਉਸ ਦੇ ਭਰਾਵਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਸਾਵਰ ਮਸੀਹ ਦੀ ਮਾਂ ਨੇ ਪਾਸਟਰ ਮਨਜੀਤ ਸਿੰਘ ਨੂੰ ਘਰ ਬੁਲਾਇਆ ਜਿਸ ਨੇ ਦੁਆ-ਬੰਦਗੀ ਕਰ ਕੇ ਜਲ ਪਿਆ ਕੇ ਕਿਹਾ ਕੁੜੀ ਦਾ ਧਰਮ ਬਦਲ ਚੁੱਕਾ ਹੈ ਤੇ ਉਹ ਹੁਣ ਸਾਡੇ ਧਰਮ ’ਚ ਆ ਗਈ ਹੈ। ਰਜਿੰਦਰ ਮਸੀਹ ਨੇ ਧੱਕੇ ਨਾਲ ਕੁੜੀ ਨਾਲ ‘ਲਿਵ ਇਨ’ ਰਿਲੇਸ਼ਨਸ਼ਿਪ ਦੇ ਆਰਡਰ ’ਤੇ ਹਸਤਾਖਰ ਕਰਵਾ ਲਏ। ਉਸ ਤੋਂ ਬਾਅਦ ਇਕ ਕਮਰੇ ’ਚ ਸਾਵਰ ਮਸੀਹ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਦੱਸ ਅਪ੍ਰੈਲ ਨੂੰ ਸਾਵਰ ਦੀ ਵੱਡੀ ਭੈਣ ਰਿਮੀ ਵਾਸੀ ਠੀਕਰੀਵਾਲ ਘਰ ਆਈ ਤੇ ਉਸ ਦਾ ਪ੍ਰੈਗਨੈਂਸੀ ਟੈਸਟ ਕੀਤਾ ਜਿਹੜਾ ਪਾਜ਼ੇਟਿਵ ਆਇਆ। 13 ਅਪ੍ਰੈਲ ਨੂੰ ਪੂਰਾ ਪਰਿਵਾਰ ਮੇਨ ਗੇਟ ’ਤੇ ਤਾਲਾ ਲਗਾ ਕੇ ਕਿਤੇ ਚਲਾ ਗਿਆ, ਪਰ ਉਸ ਦੇ ਕਮਰੇ ਦਾ ਤਾਲਾ ਖੁੱਲ੍ਹਾ ਰਹਿ ਗਿਆ। ਕਮਰੇ ਤੋਂ ਬਾਹਰ ਨਿਕਲ ਕੇ ਉਸ ਨੇ ਇਕ ਮਹਿਲਾ ਤੋਂ ਪਿੰਡ ਦਾ ਨਾਂ ਪਤਾ ਪੁੱਛਿਆ। ਉਸ ਨੇ ਪਿੰਡ ਦਾ ਨਾਂ ਕਾਦੀਆਂ ਮਿਰਜ਼ਾ ਦੱਸਿਆ। ਉਸ ਨੇ ਸਾਵਰ ਮਸੀਹ ਦੇ ਫੋਨ ਤੋਂ ਆਪਣੀ ਭੈਣ ਨੂੰ ਆਪਣੇ ਨਾਲ ਵਾਪਰੀ ਘਟਨਾ ਦੀ ਜਾਣਕਾਰੀ ਦਿੱਤੀ। ਕੁਝ ਸਮੇਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਸਾਵਰ ਮਸੀਹ ਦੇ ਘਰ ਪੁੱਜੇ ਤੇ ਉਸ ਨੂੰ ਆਪਣੇ ਘਰ ਲੈ ਗਏ। ਸ਼ਨਿਚਰਵਾਰ ਨੂੰ ਪੀੜਤ ਕੁੜੀ ਆਪਣੀ, ਭਰਾ ਤੇ ਹੋਰ ਪਤਵੰਤੇ ਵਿਅਕਤੀਆਂ ਸਮੇਤ ਥਾਣੇ ’ਚ ਇਨਸਾਫ਼ ਦੀ ਅਪੀਲ ਲੈ ਕੇ ਪੁੱਜੀ ਤੇ ਮੰਗ ਕੀਤੀ ਉਸ ਨਾਲ ਤਿੰਨ ਮਹੀਨੇ ਤੱਕ ਜਬਰ ਜਨਾਹ ਕਰ ਕੇ ਉਸ ਨੂੰ ਗਰਭਵਤੀ ਕਰਨ ਵਾਲਿਆਂ ਤੇ ਉਸ ਦਾ ਧਰਮ ਤਬਦੀਲ ਕਰਨ ਵਾਲੇ ਪਾਸਟਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲਿਸ ਨੇ ਮੁਲਜ਼ਮ ਸਾਵਰ ਮਸੀਹ, ਨਪਿੰਦਰ ਸਿੰਘ, ਹੈੱਪੀ ਮਸੀਹ ਵਾਸੀ ਸੰਘੜ, ਕਾਜਲ, ਰੀਨਾ, ਜੀਨਾ, ਪਰਵੇਜ਼, ਰਜਿੰਦਰ ਮਸੀਹ, ਕਸ਼ਮੀਰ ਮਸੀਹ, ਪਾਸਟਰ ਮਨਜੀਤ ਸਿੰਘ ਤੇ ਦੋ ਬੇਪਛਾਣ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।



