
ਫ਼ਿਰੋਜ਼ਪੁਰ, 17 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)– ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਲੋੜਵੰਦ ਗ਼ਰੀਬ ਪਰਿਵਾਰਾਂ ਨੂੰ ਖਾਣ-ਪੀਣ ਰੂਪੀ ਮੁਹੱਈਆ ਕਰਵਾਈਆ ਜਾਂਦੀਆਂ ਵਸਤੂਆਂ ਨੂੰ ਲਾਭਪਾਤਰੀਆਂ ਤੱਕ ਪਹੁੰਚਾਉਣ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਰਾਸ਼ਨ ਡੀਪੂ ਹੋਲਡਰਾਂ ਵਲੋਂ ਫ਼ਿਰੋਜ਼ਪੁਰ ਛਾਉਣੀ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿਚ ਹੱਕੀ ਤੇ ਲਟਕਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਅਤੇ ਸੱਮਸਿਆਵਾਂ ਦੇ ਹੱਲ ਲਈ ਜ਼ਿਲ੍ਹਾ ਪੱਧਰ ’ਤੇ ਇਕਾਈਆਂ ਸਥਾਪਿਤ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ। ਰਾਸ਼ਨ ਡੀਪੂ ਹੋਲਡਰ ਯੂਨੀਅਨ (ਰਜ਼ਿ: ਨੰਬਰ 118) ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਂਜਲਾ ਨੇ ਜਥੇਬੰਦੀ ਦਾ ਵਿਸਥਾਰ ਕਰਦਿਆਂ ਨੌਜਵਾਨ ਕਿਸਾਨ ਆਗੂ ਰਾਜਿੰਦਰ ਸਿੰਘ ਫੁੱਲਰਵਨ ਨੂੰ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ’ਤੇ ਨਿਵਾਜਿਆ ਗਿਆ। ਇਸ ਮੌਕੇ ’ਤੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਫੁੱਲਰਵਨ ਨੇ ਆਖਿਆ ਕਿ ਮੈਂ ਸਮੂਹ ਡੀਪੂ ਹੋਲਡਰ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰੇ ’ਤੇ ਵਿਸ਼ਵਾਸ ਕਰਕੇ ਮੈਨੂੰ ਇਸ ਜ਼ੰੁੰਮੇਵਾਰੀ ਦੇ ਕਾਬਲ ਸਮਝਿਆ। ਮੈਂ ਫ਼ੂਡ ਸਪਲਾਈ ਮਹਿਕਮੇ ਅਤੇ ਡੀਪੂ ਹੋਲਡਰ ਵੀਰਾਂ ਦੇ ਵਿਚਕਾਰ ਇਕ ਕੜੀ ਦਾ ਕੰਮ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਵਾਵਾਂਗਾ। ਇਸ ਮੌਕੇ ਉਨ੍ਹਾਂ ਵਲੋਂ ਸਮੂਹ ਡੀਪੂ ਹੋਲਡਰ ਨੂੰ ਨਾਲ ਲੈ ਕੇ ਜ਼ਿਲ੍ਹਾ ਡੀ.ਐਫ.ਐੱਸ.ਸੀ. ਸ਼੍ਰੀ ਹਿਮਾਂਸੂ ਕੁੱਕੜ ਅਤੇ ਡੀ.ਐਫ.ਐੱਸ.ਓ. ਸ਼੍ਰੀ ਸਮਰਜੀਤ ਸਿੰਘ ਅਤੇ ਸਮੂਹ ਸਟਾਫ਼ ਨਾਲ ਮੀਟਿੰਗ ਵੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਸਾਬਕਾ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਭੁੱਲਰ, ਬਲਕਾਰ ਢਿੱਲੋਂ, ਬਲਕਰਨਜੀਤ ਸਿੰਘ ਹਾਜੀ ਵਾਲਾ, ਬਲਵਿੰਦਰ ਸਿਆਲ, ਬਿੱਟੂ ਬਾਠ, ਬਲਜੀਤ ਜ਼ੀਰਾ, ਪ੍ਰਵੀਨ ਸਚਦੇਵਾ ਗੁਰੂਹਰਸਹਾਏ, ਰਾਜਿੰਦਰ ਅਰੋੜਾ, ਰਿੰਕੂ ਗਰੋਵਰ, ਅਸ਼ਵਨੀ ਮੱਕੜ, ਤਲਵਿੰਦਰ ਉੱਪਲ, ਜਸਵਿੰਦਰ ਆਰਿਫ਼ ਕੇ, ਗੁਰਮੀਤ ਸੰਧੂ, ਸੁਖਚੈਨ ਘੱਲ ਖੁਰਦ, ਸੋਨੂੰ ਸੂਬਾ ਕਹਾਨ ਚੰਦ, ਸ਼ਿੰਦਰ ਪੀਰੂ ਵਾਲਾ, ਗੁਰਪ੍ਰੀਤ ਕੱਬਰ ਵੱਛਾ, ਬਰਾੜ ਅੱਛੇ ਵਾਲਾ ਆਦਿ ਸਮੂਹ ਡੀਪੂ ਹੋਲਡਰ ਹਾਜ਼ਰ ਸਨ।



