Punjab

ਮੁਹਾਲੀ ‘ਚ ਆਮ ਆਦਮੀ ਪਾਰਟੀ ਵਿਧਾਇਕ ਦੇ ਠਿਕਾਣਿਆਂ ‘ਤੇ ED ਦੀ ਛਾਪੇਮਾਰੀ, ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਜਾਰੀ

ਐਸ ਏ ਨਗਰ, 15 ਅਪਰੈਲ-ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪ੍ਰਸਿੱਧ ਰੀਅਲ ਐਸਟੇਟ ਉਦਯੋਗਪਤੀ ਕੁਲਵੰਤ ਸਿੰਘ ਦੇ ਵੱਖ-ਵੱਖ ਠਿਕਾਣਿਆਂ ‘ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਛਾਪੇਮਾਰੀ ਕੀਤੀ ਗਈ। ਇਹ ਕਦਮ ਮਨੀ ਲਾਂਡਰਿੰਗ ਨਾਲ ਜੁੜੇ ਇੱਕ ਗੰਭੀਰ ਮਾਮਲੇ ਦੀ ਜਾਂਚ ਦੇ ਤਹਿਤ ਚੁੱਕਿਆ ਗਿਆ ਹੈ। ਈਡੀ ਦੀ ਦਿੱਲੀ ਯੂਨਿਟ ਦੀਆਂ ਟੀਮਾਂ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਜਨਤਾ ਲੈਂਡ ਪ੍ਰੋਮੋਟਰਸ ਲਿਮਟਿਡ ਇਲਾਕੇ ‘ਚ ਐਮਐਲਏ ਕੁਲਵੰਤ ਸਿੰਘ ਦੇ ਆਲੀਸ਼ਾਨ ਘਰ ‘ਤੇ ਪਹੁੰਚੀਆਂ। ਜੇਐੱਲਪੀਐਲ ਕੁਲਵੰਤ ਸਿੰਘ ਦੀ ਰੀਅਲ ਐਸਟੇਟ ਕੰਪਨੀ ਹੈ। ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਇਸ ਵੇਲੇ ਘਰ ‘ਤੇ ਨਹੀਂ ਹਨ ਪਰ ਕੇਂਦਰੀ ਏਜੰਸੀ ਦੀ ਟੀਮ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਰਹੀ ਹੈ।

ਪਰਲ ਐਗਰੋਟੈੱਕ ਕਾਰਪੋਰੇਸ਼ਨ ਲਿਮਟਿਡ ਦੇ ਘੋਟਾਲੇ ਨਾਲ ਜੁੜੀ ਛਾਪੇਮਾਰੀ

ਈਡੀ ਦੇ ਸਰੋਤਾਂ ਅਨੁਸਾਰ, ਇਹ ਛਾਪੇਮਾਰੀ ਪਰਲ ਐਗਰੋਟੈੱਕ ਕਾਰਪੋਰੇਸ਼ਨ ਲਿਮਟਿਡ (ਪੀਏਸੀਐਲ) ਦੇ ਘੋਟਾਲੇ ਨਾਲ ਜੁੜੀ ਹੋਈ ਹੈ। ਇਸ ਮਾਮਲੇ ‘ਚ ਇਹ ਦੋਸ਼ ਹੈ ਕਿ ਪੀਏਸੀਐਲ ਦੇ ਡਾਇਰੈਕਟਰਾਂ ਨੇ ਨਿਵੇਸ਼ਕਾਂ ਦੇ ਪੈਸੇ ਨੂੰ ਕਈ ਫ਼ਰਜ਼ੀ ਕੰਪਨੀਆਂ ‘ਚ ਟਰਾਂਸਫ਼ਰ ਕਰਕੇ ਗ਼ਬਨ ਕੀਤਾ ਸੀ। ਇਸ ਤੋਂ ਬਾਅਦ ਇਨ੍ਹਾਂ ਪੈਸਿਆਂ ਨੂੰ ਕੈਸ਼ ਵਜੋਂ ਕੱਢ ਕੇ ਪੀਏਸੀਐਲ ਦੇ ਮੁੱਖ ਸਹਿਯੋਗੀਆਂ ਨੂੰ ਦਿੱਤਾ ਗਿਆ ਅਤੇ ਹਵਾਲੇ ਦੇ ਜ਼ਰੀਏ ਵਿਦੇਸ਼ੀ ਕੰਪਨੀਆਂ ਨੂੰ ਪ੍ਰਾਪਰਟੀ ਖ਼ਰੀਦਣ ਲਈ ਭੇਜ ਦਿੱਤਾ ਗਿਆ। ਈਡੀ ਇਸੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਈਡੀ ਵੱਲੋਂ ਦੂਜੀ ਵਾਰ ਕੀਤੀ ਗਈ ਕਾਰਵਾਈ

ਇਹ ਈਡੀ ਦੀ ਦੂਜੀ ਕਾਰਵਾਈ ਹੈ, ਕਿਉਂਕਿ ਪਿਛਲੇ ਸਾਲ ਵੀ ਏਜੰਸੀ ਨੇ ਕੁਲਵੰਤ ਸਿੰਘ ਦੇ ਘਰ ਛਾਪਾ ਮਾਰਿਆ ਸੀ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਸੀ। ਕੁਲਵੰਤ ਸਿੰਘ 2021 ‘ਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ ਅਤੇ ਮੁਹਾਲੀ ਤੋਂ ਵਿਧਾਇਕ ਚੁਣੇ ਗਏ ਸਨ। ਈਡੀ ਵੱਲੋਂ ਜਾਂਚ ਜਾਰੀ ਹੈ ਅਤੇ ਹੋਰ ਖ਼ੁਲਾਸਿਆਂ ਦੀ ਉਮੀਦ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button