
ਤਰਨ ਤਾਰਨ, 29 ਮਾਰਚ-ਮਾਝੇ ਦਾ ਪ੍ਰਸਿੱਧ ਘਰਿਆਲੇ ਦਾ ਮੇਲਾ ਦੇਖ ਕੇ ਆ ਰਹੀ ਸੰਗਤ ਨਾਲ ਅਚਾਨਕ ਹਾਦਸਾ ਵਾਪਰ ਗਿਆ। ਜਿਸ ਦੌਰਾਨ ਇਕ ਨੌਜਵਾਨ ਦੀ ਜਿਥੇ ਮੌਤ ਹੋ ਗਈ। ਉਥੇ ਹੀ ਦੋ ਨੌਜਵਾਨ ਮਾਮੂਲੀ ਜਖਮੀਂ ਹੋ ਗਏ। ਜਾਣਕਾਰੀ ਮੁਤਾਬਕ ਤਰਨਤਾਰਨ ਦੇ ਨਜ਼ਦੀਕੀ ਪਿੰਡ ਬੱਚੜੇ ਦੀ ਸੰਗਤ ਟਰੈਕਟਰ ਟਰਾਲੀ ’ਤੇ ਸਵਾਰ ਹੋ ਪਿੰਡ ਘਰਿਆਲੇ ਤੋਂ ਮੇਲਾ ਦੇਖ ਕੇ ਵਾਪਸ ਪਰਤ ਰਹੀ ਸੀ।ਦੇਰ ਸ਼ਾਮ ਕਰੀਬ 7 ਵਜੇ ਜਦੋਂ ਉਹ ਪਿੰਡ ਕੈਰੋਂ ਦੇ ਫਾਟਕ ਕੋਲ ਪੁੱਜੇ ਤਾਂ ਸਾਹਮਣੇ ਤੋਂ ਗਲਤ ਪਾਸੇ ਆ ਰਹੇ ਅਣਪਛਾਤੇ ਵਾਹਨ ਨੇ ਮਾਮੂਲੀ ਟੱਕਰ ਮਾਰ ਦਿੱਤੀ। ਜਿਸ ਕਾਰਨ ਚਾਲਕ ਕੋਲੋਂ ਟਰੈਕਟਰ ਡੋਲ ਗਿਆ ਅਤੇ ਖੇਤਾਂ ਵਿਚ ਪਲਟ ਗਿਆ। ਇਸ ਦੌਰਾਨ ਟਰੈਕਟਰ ਦੇ ਮੱਡਗਾਰਡ ’ਤੇ ਬੈਠਾ ਨੌਜਵਾਨ ਅਰਸ਼ ਸਿੰਘ (20) ਪੁੱਤਰ ਦੌਲਾ ਸਿੰਘ ਵਾਸੀ ਨਵਾਂ ਖਾਰਾ, ਨੇੜੇ ਡਾਲੇਕੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂਕਿ ਟਰੈਕਟਰ ’ਤੇ ਸਵਾਰ ਦੋ ਹੋਰ ਨੌਜਵਾਨ ਮਾਮੂਲੀ ਜਖਮੀਂ ਹੋ ਗਏ। ਟਰੈਕਟਰ ਚਾਲਕ ਮੁਤਾਬਕ ਮਰਨ ਵਾਲੇ ਨੌਜਵਾਨ ਨੇ ਪਿੰਡ ਘਰਿਆਲੇ ਨੇੜੇ ਟਰੈਕਟਰ ਰੋਕ ਕੇ ਆਪਣੇ ਚਚੇਰੇ ਭਰਾ ਜਗਦੀਪ ਸਿੰਘ ਸਮੇਤ ਲਿਫਟ ਲਈ ਸੀ। ਪਿੰਡ ਕੈਰੋਂ ਦੇ ਰੇਲਵੇ ਫਾਟਕ ’ਤੇ ਅਚਾਨਕ ਹਾਦਸਾ ਵਾਪਰ ਗਿਆ ਅਤੇ ਅਰਸ਼ ਸਿੰਘ ਨਾਮਕ ਇਹ ਨੌਜਵਾਨ ਜੋ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਇਸ ਦੌਰਾਨ ਟਰਾਲੀ ’ਚ ਸਵਾਰ ਵੱਡੀ ਗਿਣਤੀ ਸਵਾਰ ਲੋਕਾਂ ਦਾ ਵਾਲ ਵਾਲ ਬਚਾਅ ਹੋ ਗਿਆ। ਮੌਕੇ ’ਤੇ ਪਹੁੰਚੀ ਕੈਰੋਂ ਚੌਂਕੀ ਦੀ ਪੁਲਿਸ ਨੇ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ।



