
ਸ਼੍ਰੀ ਹਰਗੋਬਿੰਦ ਸਾਹਿਬ, 29 ਮਾਰਚ-ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੀਆਂ ਵੱਖ-ਵੱਖ ਬੈਰਕਾਂ ਵਿਚ ਚਲਾਏ ਗਏ ਤਲਾਸ਼ੀ ਮੁਹਿੰਮ ਦੌਰਾਨ ਜਿੱਤੇ ਮੋਬਾਈਲ ਫੋਨ ਬਰਾਮਦ ਹੋਏ ਹਨ। ਉੱਥੇ ਹੀ ਤੰਬਾਕੂ ਪਦਾਰਥ ਅਤੇ ਹੋਰ ਸਮੱਗਰੀ ਵੀ ਜੇਲ੍ਹ ਅਧਿਕਾਰੀਆਂ ਦੇ ਹੱਥ ਲੱਗੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਚੈਕਿੰਗ ਦੌਰਾਨ ਟਾਵਰ ਨੰਬਰ 16 ਅਤੇ 17 ਨੇੜਿਓਂ ਤੰਬਾਕੂ ਦੀਆਂ 10 ਪੁੜੀਆਂ, 17 ਬੀੜੀਆਂ ਦੇ ਬੰਡਲ, 5 ਹੀਟਰ ਸਪਰਿੰਗ, 5 ਹੈੱਡ ਫੋਨ, 2 ਚਾਰਜ਼ਰ ਲਾਵਾਰਿਸ ਹਾਲਤ ਵਿਚ ਬਰਾਮਦ ਕੀਤੇ ਹਨ। ਇਸੇ ਤਰ੍ਹਾਂ ਸਹਾਇਕ ਸੁਪਰਡੈਂਟ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਵਾਰਡ ਨੰਬਰ 8 ਦੀ ਬੈਰਕ ਨੰਬਰ 6 ਵਿੱਚੋਂ ਇਕ ਕੀਪੈਡ ਵਾਲਾ ਫੋਨ ਤੇ ਸਿਮ ਕਾਰਡ ਬਰਾਮਦ ਕਰਨ ਤੋਂ ਇਲਾਵਾ ਵਾਰਡ ਨੰਬਰ 2 ਦੀ ਬੈਰਕ ਨੰਬਰ 4 ਵਿੱਚੋਂ ਵੀ ਇਕ ਕੀਪੈਡ ਫੋਨ ਤੇ ਡਾਟਾ ਕੇਬਲ ਲਾਵਾਰਿਸ ਹਾਲਤ ਵਿਚ ਬਰਾਮਦ ਕੀਤੀ। ਉਕਤ ਸਾਮਾਨ ਨੂੰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਉਕਤ ਬਰਾਮਦਗੀ ਸਬੰਧੀ ਜੇਲ੍ਹ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਦੇ ਆਧਾਰ ’ਤੇ ਤਿੰਨ ਕੇਸ ਦਰਜ ਕੀਤੇ ਗਏ ਹਨ। ਜਿਨ੍ਹਾਂ ਦੀ ਅਗਲੀ ਜਾਂਚ ਲਈ ਏਐੱਸਆਈ ਗੁਰਸਾਹਿਬ ਸਿੰਘ ਤੇ ਏਐੱਸਆਈ ਰਣਜੀਤ ਸਿੰਘ ਦੀ ਡਿਊਟੀ ਲਗਾਈ ਗਈ ਹੈ।



