
ਫਾਜ਼ਿਲਕਾ, 23 ਮਾਰਚ-: ਜ਼ਿਲ੍ਹੇ ਦੇ ਇੱਕ ਪੈਟਰੋਲ ਪੰਪ ‘ ਵਿਖੇ ਲੁੱਟ ਦੀ ਘਟਨਾ ਵਾਪਰੀ ਹੈ। ਮੋਟਰਸਾਇਕਲ ਸਵਾਰ ਦੋ ਨਕਾਬਪੋਸ਼ ਬਦਮਾਸ਼ਾਂ ਨੇ ਪੰਪ ਦੇ ਸੇਲਜ਼ ਮੈਨੇਜਰ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ 45 ਹਜ਼ਾਰ ਰੁਪਏ ਲੁੱਟ ਲਏ। ਇਹ ਘਟਨਾ ਚੰਨਨਖੇੜਾ ਪਿੰਡ ਦੇ ਐਵਰਗ੍ਰੀਨ ਪੈਟਰੋਲ ਪੰਪ ‘ਤੇ ਵਾਪਰੀ। ਘਟਨਾ ਦੇ ਸਮੇਂ, ਸੇਲਜ਼ ਮੈਨੇਜਰ ਇੱਕ ਕਮਰੇ ਵਿੱਚ ਕੰਮ ਕਰ ਰਿਹਾ ਸੀ। ਦੋ ਹੋਰ ਕਰਮਚਾਰੀ ਦੂਜੇ ਕਮਰੇ ਵਿੱਚ ਬੈਠੇ ਸਨ। ਇਸ ਦੌਰਾਨ ਦੋ ਨਕਾਬਪੋਸ਼ ਨੌਜਵਾਨ ਮੋਟਰ ਸਾਇਕਲ ‘ਤੇ ਸਵਾਰ ਹੋ ਕੇ ਆਏ। ਇੱਕ ਬਦਮਾਸ਼ ਨੇ ਕਰਮਚਾਰੀਆਂ ਨੂੰ ਇੱਕ ਕਮਰੇ ਵਿੱਚ ਬੰਧਕ ਬਣਾ ਲਿਆ। ਦੂਜੇ ਨੇ ਸੇਲਜ਼ ਮੈਨੇਜਰ ‘ਤੇ ਚਾਕੂ ਨਾਲ ਹਮਲਾ ਕੀਤਾ ਅਤੇ ਕੈਸ਼ ਬਾਕਸ ਵਿੱਚੋਂ ਨਕਦੀ ਲੁੱਟ ਲਈ। ਪੈਟਰੋਲ ਪੰਪ ਦੇ ਮਾਲਕ ਸ਼ੰਕਰ ਨੇ ਕਿਹਾ ਕਿ ਘਟਨਾ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਹ ਸਾਰੀ ਘਟਨਾ ਪੰਪ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਫ਼ਾਜ਼ਿਲਕਾ ਪੁਲਿਸ ਦੇ ਅਧਿਕਾਰੀਆ ਨੇ ਦੱਸਿਆ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।



