Punjab

ਨਸ਼ੇ ਤੇ ਹਥਿਆਰਾਂ ਤਸਕਰਾਂ ਦਾ ਇਕ ਹੋਰ ਸਾਥੀ 23 ਲੱਖ ਦੀ ਡਰੱਗ ਮਨੀ, ਨੋਟ ਗਿਣਨ ਵਾਲੀ ਮਸ਼ੀਨ ਤੇ ਪਿਸਤੌਲ ਸਣੇ ਗ੍ਰਿਫ਼ਤਾਰ

ਤਰਨਤਾਰਨ, 21 ਮਾਰਚ-ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਵੱਲੋਂ ਕੁਝ ਦਿਨ ਪਹਿਲਾਂ ਸਰਹੱਦ ਪਾਰੋਂ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਮੁਕਾਬਲੇ ਤੋਂ ਬਾਅਦ ਚਾਰ ਜਣਿਆਂ ਨੂੰ ਗਿ੍ਫਤਾਰ ਕੀਤਾ ਸੀ। ਵੀਰਵਾਰ ਨੂੰ ਪੁਲਿਸ ਨੇ ਇਨ੍ਹਾਂ ਤਸਕਰਾਂ ਦੇ ਇਕ ਹੋਰ ਸਾਥੀ ਨੂੰ ਗਿ੍ਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕਾਬੂ ਕੀਤਾ ਵਿਅਕਤੀ ਕੁਝ ਮਹੀਨਿਆਂ ’ਚ ਹੀ ਦੁਬਾਈ ਸਮੇਤ ਹੋਰ ਦੇਸ਼ਾਂ ’ਚ 50 ਕਰੋੜ ਦੀ ਡਰੱਗ ਮਨੀ ਹਵਾਲਾ ਰਾਹੀਂ ਦੁਬਈ ਸਮੇਤ ਹੋਰ ਦੇਸ਼ਾਂ ਵਿਚ ਪਹੁੰਚਾ ਚੁੱਕਾ ਹੈ ਜਦੋਂਕਿ 10 ਲੱਖ ਤੋਂ 1 ਕਰੋੜ ਤੱਕ ਦੀਆਂ ਖੇਪਾਂ ਵੱਖ-ਵੱਖ ਥਾਵਾਂ ’ਤੇ ਪਹੁੰਚਾ ਚੁੱਕਾ ਹੈ। ਦੱਸਣਾ ਬਣਦਾ ਹੈ ਕਿ ਤਰਨਤਾਰਨ ਦੇ ਸੀਆਈਏ ਸਟਾਫ ਦੀ ਪੁਲਿਸ ਨੇ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ੇ ਦੀ ਤਸਕਰੀ ਕਰਨ ਵਾਲੇ ਹਵਾਲਾ ਗਿਰੋਹ ਨੂੰ ਬੇਨਕਾਬ ਕਰਦਿਆਂ 17 ਮਾਰਚ ਨੂੰ ਕਸਬਾ ਝਬਾਲ ਦੇ ਨਜ਼ਦੀਕੀ ਪਿੰਡ ਬਘਿਆੜੀ ਕੋਲ ਮੁਕਾਬਲੇ ਤੋਂ ਬਾਅਦ ਚਾਰ ਜਣਿਆਂ ਵਰਿੰਦਰ ਸਿੰਘ, ਗੁਰਜੰਟ ਸਿੰਘ ਜੰਟਾ ਦੋਵੇਂ ਵਾਸੀ ਭਰੋਭਾਲ, ਸਤਨਾਮ ਸਿੰਘ ਸਾਗਰ ਤੇ ਜਸ਼ਨਪ੍ਰੀਤ ਸਿੰਘ ਜਸ਼ਨ ਦੋਵੇਂ ਵਾਸੀ ਬਾਸਰਕੇ ਗਿੱਲਾਂ ਨੂੰ ਕਾਬੂ ਕੀਤਾ ਸੀ ਜਿਨ੍ਹਾਂ ਵਿੱਚੋਂ ਵਿਜੇ ਤੇ ਜਸ਼ਨ ਗੋਲੀ ਲੱਗਣ ਨਾਲ ਜ਼ਖਮੀ ਵੀ ਹੋਏ ਸਨ। ਐੱਸਐੱਸਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਕੋਲੋਂ 3 ਵਿਦੇਸ਼ੀ ਪਿਸਤੌਲ, 6 ਮੈਗਜ਼ੀਨ, 5 ਰੌਂਦ, 2 ਖੋਲ, 7 ਕਿੱਲੋ ਅਫੀਮ, 1 ਲੱਖ ਰੁਪਏ ਡਰੱਗ ਮਨੀ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਗਏ ਸਨ ਜਿਨ੍ਹਾਂ ਖ਼ਿਲਾਫ਼ ਥਾਣਾ ਝਬਾਲ ਵਿਚ ਕੇਸ ਦਰਜ ਕਰਕੇ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ ਤਾਂ ਪਤਾ ਲੱਗਾ ਕਿ ਇਹ ਵਿਅਕਤੀ ਸਰਹੱਦ ਪਾਰੋਂ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਕਰਦੇ ਸਨ ਅਤੇ ਇਸ ਕੰਮ ਵਿਚ ਹੋਈ ਪੈਸਿਆਂ ਦੀ ਵਟਕ ‘ਡਰੱਗ ਮਨੀ’ ਇਕਬਾਲ ਸਿੰਘ ਵਾਸੀ ਖੱਬੇ ਰਾਜਪੂਤਾਂ ਹਵਾਲਾ ਰਾਹੀਂ ਵਿਦੇਸ਼ਾਂ ਤੱਕ ਪਹੁੰਚਾਉਂਦਾ ਹੈ ਜਿਸ ਨੂੰ ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਪਿੰਡ ਦੁੱਗਲਵਾਲਾ ਨੇੜਿਓਂ 12 ਲੱਖ ਰੁਪਏ ਡਰੱਗ ਮਨੀ, ਇਕ ਲਾਇਸੈਂਸੀ ਪਿਸਤੌਲ 32 ਬੋਰ ਸਣੇ 4 ਰੌਂਦ, ਇਕ ਨੋਟ ਗਿਣਨ ਵਾਲੀ ਮਸ਼ੀਨ ਅਤੇ ਸਵਿਫਟ ਕਾਰ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਕਬਾਲ ਸਿੰਘ ਕੁਝ ਮਹੀਨਿਆਂ ਦੌਰਾਨ 50 ਕਰੋੜ ਰੁਪਏ ਦੀ ਡਰੱਗ ਮਨੀ ਨੂੰ ਹਵਾਲਾ ਰਾਹੀਂ ਦੁਬਈ ਅਤੇ ਵੱਖ-ਵੱਖ ਦੇਸ਼ਾਂ ਵਿਚ ਭੇਜ ਚੁੱਕਾ ਹੈ ਜਦੋਂਕਿ ਵੱਖ-ਵੱਖ ਸਮੱਗਲਰਾਂ ਤੋਂ ਪੈਸੇ ਇਕੱਠੇ ਕਰਕੇ ਦੁਬਈ ਭੇਜਦਾ ਸੀ ਅਤੇ ਦੁਬਈ ਤੋਂ ਇਹ ਡਰੱਗ ਕਾਰਟਲ ਜੋਬਨ ਕਲੇਰ ਅਤੇ ਗੁਰਪ੍ਰੀਤ ਗੋਪੀ ਠੱਠਾ ਲੋਪੋਕੇ ਚਲਾ ਰਹੇ ਹਨ।ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਕਬਾਲ ਸਿੰਘ ਬੀਤੇ ਦਿਨੀਂ 10 ਲੱਖ ਤੋਂ 1 ਕਰੋੜ ਤੱਕ ਡਰੱਗ ਮਨੀ ਦੀਆਂ ਖੇਪਾਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਵਿਦੇਸ਼ ਬੈਠੇ ਸਮੱਗਲਰਾਂ ਦੇ ਕਹਿਣ ’ਤੇ ਪਹੁੰਚਾਉਂਦਾ ਰਿਹਾ ਹੈ। ਇਸ ਹਵਾਲਾ ਅਤੇ ਡਰੱਗ ਕਾਰਟਲ ਵਿਚ ਹੋਰ ਗ੍ਰਿਫਤਾਰੀਆਂ ਵੀ ਸੰਭਾਵਿਤ ਹਨ। ਇਸ ਦੇ ਨਾਲ ਹੀ ਰਿਮਾਂਡ ’ਤੇ ਲਏ ਗਏ ਪਹਿਲਾਂ ਫੜੇ ਸਤਨਾਮ ਸਿੰਘ ਸਾਗਰ ਦੀ ਨਿਸ਼ਾਨਦੇਹੀ ’ਤੇ ਉਸ ਦੇ ਘਰੋਂ 10 ਲੱਖ 10 ਹਜ਼ਾਰ ਰੁਪਏ ਦੀ ਹੋਰ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਐੱਸਐੱਸਪੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

Related Articles

Leave a Reply

Your email address will not be published. Required fields are marked *

Back to top button