
ਫ਼ਿਰੋਜ਼ਪੁਰ, 18 ਮਾਰਚ (ਬਾਲ ਕਿਸ਼ਨ)– ਫ਼ਰੀਦਕੋਟ ਰੋਡ ਗੁਰੂਹਰਸਹਾਏ ਵਿਖੇ ਇਕ ਫੈਕਟਰੀ ਦੇ ਕਮਰਿਆਂ ਦੇ ਤਾਲੇ ਤੋੜ ਕੇ ਅਲਮਾਰੀ ਵਿਚੋਂ ਅਣਪਛਾਤੇ ਵਿਅਕਤੀਆਂ ਵੱਲੋਂ 5 ਲੱਖ 48 ਹਜ਼ਾਰ ਰੁਪਏ ਚੋਰੀ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਮਹਿਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮੁਨੀਸ਼ ਸ਼ਰਮਾ ਪੁੱਤਰ ਚੂਨੀ ਲਾਲ ਵਾਸੀ ਆਦਰਸ਼ ਨਗਰ ਗੁਰੂਹਰਸਹਾਏ ਨੇ ਦੱਸਿਆ ਕਿ ਉਹ ਸ਼੍ਰੀ ਰਾਮ ਸਾਲਵੈਕਸ ਫਰੀਦਕੋਟ ਰੋਡ ਗੁਰੂਹਰਸਹਾਏ ਵਿਚ ਬਤੌਰ ਮੈਨੇਜਰ ਵਜੋਂ ਕੰਮ ਕਰਦਾ ਹੈ। ਮੁਨੀਸ਼ ਸ਼ਰਮਾ ਨੇ ਦੱਸਿਆ ਕਿ ਮਿਤੀ 15 ਮਾਰਚ 2025 ਦੀ ਸ਼ਾਮ ਅਸੀਂ ਕੰਡੇ ਦਾ ਸਾਰਾ ਹਿਸਾਬ ਕਿਤਾਬ ਕਰਕੇ ਕੰਡਾ ਬੰਦ ਕਰਨ ਸਮੇਂ ਅਲਮਾਰੀ ਵਿਚ 5 ਲੱਖ 48 ਹਜ਼ਾਰ ਰੁਪਏ ਰੱਖ ਕੇ ਅਲਮਾਰੀ ਲਾਕ ਕਰਕੇ ਕੰਡਾ ਬੰਦ ਕਰ ਦਿੱਤਾ ਸੀ। ਮੁਨੀਸ਼ ਸ਼ਰਮਾ ਨੇ ਦੱਸਿਆ ਕਿ ਮਿਤੀ 16 ਮਾਰਚ 2025 ਨੂੰ ਸਵੇਰੇ ਕੰਡੇ ’ਤੇ ਪੁੱਜੇ ਤਾਂ ਸਾਡੀ ਫੈਕਟਰੀ ਦੇ ਕਮਰਿਆਂ ਦੇ ਤਾਲੇ ਟੁੱਟੇ ਪਏ ਸਨ ਤੇ ਕੰਡੇ ਅੰਦਰ ਪਤੀ ਅਲਮਾਰੀ ਵਿਚੋਂ 5 ਲੱਖ 48 ਹਜ਼ਾਰ ਰੁਪਏ ਦੀ ਨਗਦੀ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰ ਲਈ ਹੈ। ਜਾਂਚਕਰਤਾ ਮਹਿਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।



