
ਫ਼ਿਰੋਜ਼ਪੁਰ, 18 ਮਾਰਚ (ਬਾਲ ਕਿਸ਼ਨ)– ਫ਼ਿਰੋਜ਼ਪੁਰ ਵਿਖੇ ਇਕ ਵਿਆਹੁਤਾ ਕੋਲੋਂ ਹੋਰ ਦਾਜ ਮੰਗਣ ਤੇ ਤੰਗ ਪ੍ਰੇਸ਼ਾਨ ਕਰ ਉਸ ਦੀ ਕੁੱਟਮਾਰ ਕਰਕੇ ਘਰੋਂ ਕੱਢਣ ਦੇ ਦੋਸ਼ ਵਿਚ ਥਾਣਾ ਵੂਮੈਨ ਫਿਰੋਜ਼ਪੁਰ ਪੁਲਿਸ ਨੇ ਵਿਆਹੁਤਾ ਦੇ ਪਤੀ ਖਿਲਾਫ 498-ਏ, 406 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਦਰਖਾਸਤ/ਯੂਆਈਡੀ ਨੰਬਰ 519429 ਰਾਹੀਂ ਰੀਤੂ ਰਾਣੀ ਪਤਨੀ ਅਮਰੇਸ਼ ਕੁਮਾਰ ਵਾਸੀ ਰੇਲਵੇ ਕਾਲੋਨੀ ਗੁਰੂਹਰਸਹਾਏ ਨੇ ਦੱਸਿਆ ਕਿ ਉਸ ਦਾ ਵਿਆਹ ਅਮਰੇਸ਼ ਕੁਮਾਰ ਪੁੱਤਰ ਸਤਲ ਵਾਲੀ ਨਦੇਲੀ, ਮੀਰਾਖ ਨਗਰ ਲਖਨਊ ਯੂ.ਪੀ ਨਾਲ ਕਰੀਬ 2 ਸਾਲ ਪਹਿਲਾਂ ਹੋਇਆ ਸੀ। ਵਿਆਹ ਸਮੇਂ ਉਸ ਦੇ ਮਾਤਾ ਪਿਤਾ ਨੇ ਆਪਣੀ ਹੈਸੀਅਤ ਤੋਂ ਵੱਧ ਦਾਜ ਦਹੇਜ ਇਸਤਰੀ ਧੰਨ ਵਜੋਂ ਦਿੱਤਾ ਸੀ, ਪਰ ਦੋਸ਼ੀ ਇਸ ਤੋਂ ਖੁਸ਼ ਨਹੀਂ ਸੀ। ਦੋਸ਼ੀ ਅਮਰੇਸ਼ ਕੁਮਾਰ ਜੋ ਉਸ ਨੂੰ ਘੱਟ ਦਾਜ ਦਹੇਜ ਲਿਆਉਣ ਕਰਕੇ ਤੰਗ ਪ੍ਰੇਸ਼ਾਨ ਕਰਨ ਲੱਗਾ ਤੇ ਦਾਜ ਵਿਚ ਬੁਲਟ ਮੋਟਰਸਾਈਕਲ ਦੀ ਮੰਗ ਕਰਦਾ ਸੀ ਤੇ ਉਸ ਵੱਲੋਂ ਇਨਕਾਰ ਕਰਨ ਤੇ ਉਸ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ। ਜਾਂਚਕਰਤਾ ਪ੍ਰੇਮ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਵਿਆਹੁਤਾ ਰੀਤੂ ਦੇ ਬਿਆਨਾਂ ’ਤੇ ਉਸ ਦੇ ਪਤੀ ਅਮਰੇਸ਼ ਕੁਮਾਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



