ਫ਼ਿਰੋਜ਼ਪੁਰ, 17 ਮਾਰਚ (ਬਾਲ ਕਿਸ਼ਨ)– ਨੰਬਰਦਾਰ ਯੂਨੀਅਨ ਤਹਿਸੀਲ ਫ਼ਿਰੋਜ਼ਪੁਰ ਦੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਤਹਿਸੀਲ ਕੰਪਲੈਕਸ ਵਿੱਚ ਤਹਿਸੀਲ ਪ੍ਰਧਾਨ ਸੁਖਰਾਜ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮਹੱਤਵਪੂਰਨ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਨੰਬਰਦਾਰਾਂ ਦੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਡੀਸੀ ਦੀਪਸ਼ਿਖਾ ਸ਼ਰਮਾ ਨੂੰ ਸੌਂਪਿਆ ਗਿਆ, ਜਿਸ ਵਿੱਚ ਨੰਬਰਦਾਰਾਂ ਨੇ ਡੀ.ਸੀ ਫ਼ਿਰੋਜ਼ਪੁਰ ਨੂੰ ਦੱਸਿਆ ਕਿ ਪਿੰਡਾਂ ਵਿੱਚ ਜ਼ਮੀਨ ਅਤੇ ਹੋਰ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਸਮੇਂ, ਪਛਾਣ ਸਿਰਫ਼ ਨੰਬਰਦਾਰ ਦੁਆਰਾ ਹੀ ਕੀਤੀ ਜਾ ਸਕਦੀ ਹੈ, ਪਰ ਇਸ ਵੇਲੇ ਕੋਈ ਵੀ ਪਿੰਡ ਜਾਂ ਸ਼ਹਿਰ ਵਾਸੀ ਵਕੀਲਾਂ ਦੁਆਰਾ ਪਛਾਣ ਕਰਵਾ ਰਿਹਾ ਹੈ, ਜੋ ਕਿ ਗਲਤ ਹੈ, ਇਸ ਲਈ ਤਹਿਸੀਲਦਾਰਾਂ ਨੂੰ ਹੁਕਮ ਦਿੱਤਾ ਜਾਵੇ ਕਿ ਰਜਿਸਟਰੀਆਂ ਭੇਜਣ ਲਈ ਪਛਾਣ ਸਿਰਫ਼ ਨੰਬਰਦਾਰਾਂ ਦੁਆਰਾ ਹੀ ਕੀਤੀ ਜਾਵੇ। ਇਸ ਦੇ ਨਾਲ ਹੀ ਡੀਸੀ ਫਿਰੋਜ਼ਪੁਰ ਤੋਂ ਮੰਗ ਕੀਤੀ ਗਈ ਕਿ ਨਵੇਂ ਨੰਬਰਦਾਰਾਂ ਦੀ ਨਿਯੁਕਤੀ ਕਰਦੇ ਸਮੇਂ ਨੰਬਰਦਾਰਾਂ ਦੇ ਪੁੱਤਰਾਂ ਨੂੰ ਪਹਿਲ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦੀ ਪੁਰਖਿਆਂ ਦੀ ਮੰਗ ਪੂਰੀ ਹੋ ਸਕੇ। ਇਸ ਦੌਰਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਸਰਕਾਰ ਦੀ ਮੁਹਿੰਮ ਨੂੰ ਸਫਲ ਬਣਾਉਣ ਲਈ, ਨੰਬਰਦਾਰਾਂ ਨੇ ਪ੍ਰਣ ਕੀਤਾ ਹੈ ਕਿ ਉਹ ਕਿਸੇ ਨਸ਼ਾ ਤਸਕਰ ਦੀ ਜ਼ਮਾਨਤ ਜਾਂ ਸ਼ਨਾਖਤ ਨਹੀਂ ਕਰਨਗੇ। ਕਿਸੇ ਵੀ ਨਸ਼ਾ ਤਸਕਰ ਦੀ ਸਫਾਈ ਪੁਲਿਸ ਕੋਲ ਨਹੀਂ ਦੇਣ ਜਾਵਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਅਨ ਆਗੂ ਰਾਜੇਸ਼ ਕੁਮਾਰ ਖੰਨਾ ਜਨਰਲ ਸਕੱਤਰ, ਜ਼ਿਲ੍ਹਾ ਪ੍ਰੈਸ ਸਕੱਤਰ ਪਰਮਜੀਤ ਸੋਢੀ, ਸੁਖਮਿੰਦਰ ਸਿੰਘ, ਜਗਸੀਰ ਸਿੰਘ, ਜਗਰੂਪ ਸਿੰਘ, ਸੁਖਬੀਰ ਸਿੰਘ, ਗੁਰਨਾਮ ਸਿੰਘ ਆਦਿ ਹਾਜ਼ਰ ਸਨ।



