ਕੁਰਸੀ ਦੇ ਲਾਲਚੀ ਲੋਕਾਂ ਨੇ ਅਕਾਲੀ ਦਲ ਦੇ ਗੌਰਵਮਈ ਇਤਿਹਾਸ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਦਾ ਨਹੀਂ ਕੀਤਾ ਸਤਿਕਾਰ : ਛੋਟੇਪੁਰ

ਕਲਾਨੌਰ, 9 ਮਾਰਚ- ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਪ੍ਰਜੀਡਿੰਗ ਮੈਂਬਰ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਰਘਬੀਰ ਸਿੰਘ, ਸ਼੍ਰੀ ਕੇਸਗੜ੍ਹ ਤਖਤ ਸੁਲਤਾਨ ਸਿੰਘ ਅਤੇ ਇਸ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਸ ਤਰ੍ਹਾਂ ਉਹਨਾਂ ਦੇ ਅਹੁਦਿਆਂ ਤੋਂ ਹਟਾ ਕੇ ਅਪਮਾਨ ਕੀਤਾ ਗਿਆ ਹੈ ਉਥੇ ਸਿੱਖ ਕੌਮ ਦੀ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਦਾ ਕੁਰਸੀ ਦੀ ਖ਼ਾਤਰ ਸਨਮਾਨ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਜਿਸ ਨਾਲ ਦੇਸੀ, ਵਿਦੇਸੀ ਜਾਂ ਕਿਸੇ ਹੋਰ ਸਿੱਖ ਵੱਲੋਂ ਮੱਥਾ ਲਾਇਆ ਹੈ ਉਨਾਂ ਨੂੰ ਸਿੱਖ ਕੌਮ ਦੀਆਂ ਨਜ਼ਰਾਂ ਵਿੱਚੋਂ ਡਿੱਗਣ ਦੇ ਨਾਲ ਗੁੱਸੇ ਦਾ ਵੀ ਸ਼ਿਕਾਰ ਹੋਣਾ ਪਿਆ ਹੈ। ਛੋਟੇਪੁਰ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਨੂੰ ਅਜੇ ਤੱਕ ਕੋਈ ਵੀ ਘਟਾ ਨਹੀਂ ਸਕਿਆ ਕਿਉਂਕਿ ਇਸ ਮਹਾਨ ਤਖਤ ਦੀ ਸਿਰਜਨਾ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਕੀਤੀ ਗਈ ਹੈ ਅਤੇ ਇਸ ਤਖ਼ਤ ਤੇ ਮਹਾਨ ਤਪਸਵੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਵੱਲੋਂ ਵੀ ਵਿਸ਼ੇਸ਼ ਯੋਗਦਾਨ ਪਾਇਆ ਹੈ। ਛੋਟੇਪੁਰ ਨੇ ਕਿਹਾ ਕੁਰਸੀ ਦੇ ਲਾਲਚੀ ਲੋਕਾਂ ਨੇ ਆਪਣੇ ਸਵਾਰਥਾਂ ਖਾਤਰ ਅਕਾਲੀ ਦਲ ਦੇ ਗੌਰਮਾਈ ਇਤਿਹਾਸ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦਾ ਸਤਿਕਾਰ ਵੀ ਨਹੀਂ ਕੀਤਾ। ਛੋਟੇਪੁਰ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਬਰਗਾੜੀ ਕਾਂਡ ਤੋਂ ਇਲਾਵਾ ਅੱਜ ਤੱਕ ਜੋ ਕੁਝ ਵੀ ਹੋਇਆ ਹੈ ਉਸ ਦੇ ਅਖੌਤੀ ਅਕਾਲੀ ਲੀਡਰ ਜਿੰਮੇਵਾਰ ਹਨ। ਉਹਨਾਂ ਕਿਹਾ ਕਿ ਸੱਚੇ ਪਾਤਸ਼ਾਹ ਵੱਲੋਂ ਤਖਤਾਂ ਦੇ ਸਿੰਘ ਸਾਹਿਬਾਂ ਤੇ ਆਪਣਾ ਹੱਥ ਰੱਖਣ ਉਪਰੰਤ ਇਹਨਾਂ ਅਖੌਤੀ ਅਕਾਲੀਆਂ ਵੱਲੋਂ ਕੀਤੇ ਇੱਕ ਇੱਕ ਗੁਨਾਹ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੰਨਿਆ ਪਰੰਤੂ ਇਸ ਦੇ ਬਾਵਜੂਦ ਵੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਲਾਗੂ ਹੋਏ ਹੁਕਮਾਂ ਨੂੰ ਨਹੀਂ ਮੰਨਿਆ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ਾਂ ਦੀ ਘੋਰ ਉਲੰਘਣਾ ਕੀਤੀ। ਇਸ ਮੌਕੇ ਤੇ ਛੋਟੇਪੁਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਆਲੋਚਨਾ ਕਰਦਿਆਂ ਹੋਇਆਂ ਕਿਹਾ ਕਿ ਤੁਸੀਂ ਕਦੇ ਵੀ ਪੰਥ ਦੀ ਪਿੱਠ ‘ਤੇ ਛੁਰਾ ਮਾਰਨ ਵਾਲਿਆਂ ਦਾ ਕਦੇ ਜ਼ਿਕਰ ਨਹੀਂ ਕੀਤਾ ਅਤੇ ਨਾ ਹੀ ਉਹਨਾਂ ਨੂੰ ਸਿੱਖ ਕੌਮ ਦਾ ਭਲਾ ਕਰਨ ਦਾ ਸਬਕ ਨਹੀਂ ਦਿੱਤਾ।



