IED ਤਿਆਰ ਕਰਨ ’ਚ ਮਾਹਰ ਹੈ ਲਾਜ਼ਰ ਮਸੀਹ, ISI ਤੋਂ ਵੀਡੀਓ ਕਾਲ ‘ਤੇ ਲੈਂਦਾ ਸੀ ਜਾਣਕਾਰੀ;BKI ਨਾਲ ਜੁੜਿਆ ਹੈ ਅੱਤਵਾਦੀ

ਅੰਮ੍ਰਿਤਸਰ, 8 ਮਾਰਚ- ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐੱਸਆਈ ਦੇ ਹੱਥੇ ਚੜ੍ਹ ਕੇ ਮਹਾਂਕੁੰਭ ‘ਤੇ ਅੱਤਵਾਦੀ ਹਮਲਾ ਕਰਨ ’ਚ ਅਸਫਲ ਰਹਿਣ ਵਾਲਾ ਲਾਜ਼ਰ ਮਸੀਹ ਆਈਈਡੀ (ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਜ਼ ਭਾਵ ਸੁਧਾਰਿਆ ਵਿਸਫੋਟਕ ਯੰਤਰ) ਤਿਆਰ ਕਰਨ ਦਾ ਮਾਹਰ ਹੈ। ਆਈਐੱਸਆਈ ਹੈਂਡਲਰਾਂ ਤੋਂ ਵੀਡੀਓ ਕਾਲ ’ਤੇ ਉਹ ਵਿਸਫੋਟਕਾਂ ਬਾਰੇ ਜਾਣਕਾਰੀ ਇਕੱਠੀ ਕਰਦਾ ਸੀ ਤੇ ਆਈਈਡੀ ਤਿਆਰ ਕਰਨਾ ਸ਼ੁਰੂ ਕਰ ਦਿੰਦਾ ਸੀ। ਉਹ ਪਹਿਲਾਂ ਵੀ ਕਈ ਵਾਰ ਆਈਈਡੀ, ਗ੍ਰਨੇਡ ਤੇ ਹੈਰੋਇਨ ਸਪਲਾਈ ਕਰ ਚੁੱਕਾ ਹੈ। ਇਸ ਸਮੇਂ ਦੌਰਾਨ ਹੀ ਉਸ ਨੇ ਵਿਦੇਸ਼ ’ਚ ਬੈਠੇ ਖ਼ਤਰਨਾਕ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਪਸ਼ੀਆਂ ਤੋਂ ਬਾਅਦ ਆਈਐੱਸਆਈ ਹੈਂਡਲਰਾਂ ਨਾਲ ਸਿੱਧੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਇਸ਼ਾਰੇ ’ਤੇ ਹਥਿਆਰਾਂ ਤੇ ਹੈਰੋਇਨ ਦੀਆਂ ਖੇਪਾਂ ਕਈ ਵਾਰ ਡਰੋਨਾਂ ਰਾਹੀਂ ਭਾਰਤੀ ਖੇਤਰ ਅੰਦਰ ਸੁੱਟੀਆਂ ਗਈਆਂ ਹਨ। ਜਿਸ ਨੂੰ ਉਹ ਟਿਕਾਣੇ ਲਗਾਉਂਦਾ ਰਿਹਾ। ਯੂਪੀ ਐੱਸਟੀਐੱਫ ਵੱਲੋਂ ਲਾਜ਼ਰ ਮਸੀਹ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਅੰਮ੍ਰਿਤਸਰ (ਦਿਹਾਤੀ) ਪੁਲਿਸ ਜ਼ਿਲ੍ਹੇ ਦੇ ਰਮਦਾਸ ’ਚ ਉਸ ਦੇ ਪਿੰਡ ਕੁਰਾਲੀਆਂ ’ਚ ਡੇਰਾ ਲਾ ਲਿਆ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਮੁਲਜ਼ਮ ਕਿਸੇ ਤਰ੍ਹਾਂ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਤੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐੱਸਆਈ (ਇੰਟਰ ਸਰਵਿਸਿਜ਼ ਇੰਟੈਲੀਜੈਂਸ) ਨਾਲ ਜੁੜਿਆ ਹੋਇਆ ਹੈ। ਪਿਛਲੇ 24 ਘੰਟਿਆਂ ’ਚ ਸੁਰੱਖਿਆ ਏਜੰਸੀਆਂ ਨੇ ਲਾਜ਼ਰ ਮਸੀਹ ਦੇ ਰੈਕੇਟ ਦਾ ਵੀ ਪਰਦਾਫਾਸ਼ ਕੀਤਾ ਹੈ, ਜੋ ਤਿੰਨ ਸਾਲ ਪਹਿਲਾਂ ਹੈਰੋਇਨ ਤਸਕਰੀ ਦੇ ਕਾਰੋਬਾਰ ’ਚ ਸ਼ਾਮਲ ਸੀ। ਲਾਜ਼ਰ ਦੇ ਪਿਤਾ ਕੁਲਵਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਹੈ ਅਤੇ ਉਸ ਦੇ ਭਰਾ ਪੀਟਰ ਮਸੀਹ ’ਤੇ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਅੱਧਾ ਦਰਜਨ ਮਾਮਲੇ ਦਰਜ ਹਨ ਅਤੇ ਉਹ ਇਸ ਸਮੇਂ ਰਾਜਸਥਾਨ ਦੀ ਇਕ ਜੇਲ੍ਹ ’ਚ ਬੰਦ ਹੈ।ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਰਿੰਡਾ ਪੁਲਿਸ ਸਟੇਸ਼ਨ ਦੀ ਪੁਲਿਸ ਨੇ 11 ਜਨਵਰੀ 2024 ਨੂੰ ਲਾਜ਼ਰ ਮਸੀਹ ਵਿਰੁੱਧ ਹਥਿਆਰ ਤੇ ਹੈਰੋਇਨ ਸਪਲਾਈ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਸੀ। ਲਾਜ਼ਰ ਦੀ ਜਾਣਕਾਰੀ ਤੋਂ ਬਾਅਦ ਰਾਜਾਸਾਂਸੀ ਦੇ ਖੇਤਾਂ ’ਚੋਂ ਡੇਢ ਕਿੱਲੋਗ੍ਰਾਮ ਹੈਰੋਇਨ ਤੇ ਹਥਿਆਰ ਬਰਾਮਦ ਕੀਤੇ ਗਏ। ਜੇਲ੍ਹ ’ਚ ਹੋਣ ਦੇ ਬਾਵਜੂਦ ਲਾਜ਼ਰ ਮਸੀਹ ਵਿਦੇਸ਼ਾਂ ’ਚ ਬੈਠੇ ਆਈਐੱਸਆਈ ਹੈਂਡਲਰਾਂ ਦੇ ਸੰਪਰਕ ’ਚ ਸੀ ਅਤੇ ਫਿਰ ਯੋਜਨਾਬੱਧ ਤਰੀਕੇ ਨਾਲ 23 ਸਤੰਬਰ 2024 ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਸਰਜੀਕਲ ਵਾਰਡ ਨੰਬਰ ਪੰਜ ਦੇ ਬੈੱਡ ਨੰਬਰ 20 ’ਤੇ ਲੇਟਦਿਆਂ ਉਹ ਕਈ ਵਾਰ ਢਿੱਡ ਤੇ ਛਾਤੀ ’ਚ ਦਰਦ ਦਾ ਬਹਾਨਾ ਬਣਾਉਂਦਾ ਰਿਹਾ। ਇੰਨਾ ਹੀ ਨਹੀਂ ਅੱਤਵਾਦੀ ਹਸਪਤਾਲ ਪ੍ਰਬੰਧਨ ਤੇ ਸੁਰੱਖਿਆ ਕਰਮਚਾਰੀਆਂ ਨੂੰ ਉੱਥੋਂ ਭੱਜਣ ਲਈ ਗੱਚਾ ਦਿੰਦਾ ਰਿਹਾ। 24 ਸਤੰਬਰ ਦੀ ਸ਼ਾਮ ਨੂੰ ਜਦੋਂ ਮੁਲਜ਼ਮ ਕੁਝ ਨਾ ਕਰ ਸਕਿਆ ਤਾਂ ਉਸ ਨੇ ਪੇਸ਼ਾਬ ਕਰਨ ਜਾਣ ਦੇ ਬਹਾਨੇ ਸੁਰੱਖਿਆ ਗਾਰਡ ਪਲਵਿੰਦਰ ਸਿੰਘ ਨਾਲ ਝਗੜਾ ਕੀਤਾ ਤੇ ਹੱਥਕੜੀ ਸਮੇਤ ਉੱਥੋਂ ਫਰਾਰ ਹੋ ਗਿਆ।



