
ਅੰਮ੍ਰਿਤਸਰ, 5 ਮਾਰਚ-ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਾਮਲੇ ਸਬੰਧੀ ਬਣਾਈ ਸੱਤ ਮੈਂਬਰੀ ਕਮੇਟੀ ਦੇ ਬਚੇ 5 ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਰਕਾਰਾਂ ਦੀ ਭਰਤੀ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਨਵੀਂ ਭਰਤੀ ਕਰਨ ਲਈ ਪੰਜ ਮੈਂਬਰਾਂ ’ਚ ਸੰਤਾ ਸਿੰਘ ਉਮੈਦਪੁਰੀ, ਮਨਪ੍ਰੀਤ ਸਿੰਘ ਇਯਾਲੀ, ਇਕਬਾਲ ਸਿੰਘ ਝੂੰਦਾ, ਗੁਰਪ੍ਰਤਾਪ ਸਿੰਘ ਵਡਾਲਾ ਤੇ ਬੀਬੀ ਸਤਵੰਤ ਕੌਰ ਮੌਜੂਦ ਸਨ। ਉਪਰੋਕਤਾਂ ਨੇ ਕਿਹਾ ਕਿ 18 ਮਾਰਚ ਤੋਂ ਭਰਤੀ ਸ਼ੁਰੂ ਕੀਤੀ ਜਾਵੇਗੀ। ਪ੍ਰੈੱਸ ਨਾਲ ਗੱਲਬਾਤ ਕਰਦਿਆ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ 18 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਭਰਤੀ ਲਈ ਸਾਨੂੰ ਪੰਥ ਤੇ ਸਿੱਖ ਸੰਗਠਨਾਂ ਦੇ ਸਮਰਥਨ ਦੀ ਲੋੜ ਹੈ। 5 ਮੈਂਬਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਸ਼ੁਰੂ ਕਰਨਗੇ ਤੇ ਇਹ ਮੈਂਬਰਸ਼ਿਪ ਮੈਂਬਰ ਦੇ ਆਧਾਰ ਕਾਰਡ ਰਿਕਾਰਡ ਦੇ ਨਾਲ ਸਾਫ਼-ਸੁਥਰੀ ਹੋਵੇਗੀ ਅਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਸੰਗਠਨਾਂ ਦੇ ਹਰੇਕ ਮੈਂਬਰ ਨਾਲ ਮੁਲਾਕਾਤ ਕਰਾਂਗੇ ਅਤੇ ਇਹ ਭਰਤੀ 6 ਮਹੀਨਿਆਂ ਤੱਕ ਜਾਰੀ ਰਹੇਗੀ। ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਰਟੀ ਦੇ ਦਬਾਅ ਹੇਠ ਅਸਤੀਫ਼ਾ ਦੇ ਦਿੱਤਾ ਹੈ, ਪਰ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਪ੍ਰਕਿਰਿਆ ਅਤੇ ਸਿੱਖ ਸੰਗਠਨਾਂ ਦੀ ਬਿਹਤਰੀ ਲਈ ਉਨ੍ਹਾਂ ਨਾਲ ਸ਼ਾਮਲ ਹੋਣ।



