
ਅੰਮ੍ਰਿਤਸਰ, 5 ਮਾਰਚ- ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਦੀ ਅਗਵਾਈ ’ਚ ਸਿੰਘ ਸਾਹਿਬ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਹਰ ਤਰ੍ਹਾਂ ਦਾ ਸਹਿਯੋਗ ਤੇ ਸਮਰਪਿਤਾ ਦੇਣ ਦਾ ਭਰੋਸਾ ਦਿੱਤਾ। ਅੱਜ ਸ੍ਰੀ ਅਕਾਲ ਤਖ਼ਤ ਸਹਿਬ ਦੇ ਸਕੱਤਰੇਤ ਵਿਖੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਸੌਂਪਿਆ, ਜਿਸ ’ਚ ਕਿਹਾ ਗਿਆ ਕਿ ਸਮੁੱਚਾ ਸਿੱਖ ਜਗਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹਰ ਹੁਕਮ, ਸੰਦੇਸ਼ ਅੱਗੇ ਸਿਰ ਝੁਕਾਉਂਦਾ ਨਿਮਰਤਾ ਪੂਰਵਕ ਉਸ ਦੀ ਪਾਲਣਾ ਕਰਦਾ ਹੈ। ਸਿੱਖ ਵੱਲੋਂ ਕੀਤੀ ਅਰਦਾਸ ਬਿਰਥਾ ਨਹੀਂ ਜਾਂਦੀ, ਜੇਕਰ ਸਿੱਖ ’ਚ ਆਪਣੇ ਗੁਰੂ ਪ੍ਰਤੀ, ਅਕਾਲ ਪੁਰਖ ਦੇ ਭਾਣੇ ਨੂੰ ਮੰਨਣ ਦੀ ਚੇਸਟਾ ਪ੍ਰਬਲ ਹੈ। ਉਨ੍ਹਾਂ ਕਿਹਾ ਸਿੱਖਾਂ ਨੂੰ ਬੁੱਢਾ ਦਲ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਛੇਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਵੱਲੋਂ ਜੰਗ ਸਮੇਂ ਕੀਤੀ ਅਰਦਾਸ ਦੇ ਮਹੱਤਵ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਹੋਰ ਕਿਹਾ ਅਕਾਲ ਤਖ਼ਤ ਸਾਹਿਬ ਤੇ ਸਿੱਖਨੀਤੀ ਦੀ ਪ੍ਰਭੂਸਤਾ ਨੂੰ ਪ੍ਰਚµਡ ਰੱਖਣ ਦੀਆਂ ਵੀਚਾਰਾਂ ਹੋਣੀਆਂ ਚਾਹੀਦੀਆਂ ਹਨ, ਨਾ ਕੇ ਰਾਨਜੀਤਿਕ ਹੱਥ ਕੰਡੇ ਵਰਤੇ ਜਾਣ। ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦਾ ਇਤਿਹਾਸ ਵਿੱਚੋਂ ਨਾਮੋ ਨਿਸ਼ਾਨ ਮਿੱਟ ਗਿਆ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ 2-12-24 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਦੀ ਹਰ ਮੱਦ ਇੰਨ-ਬਿੰਨ ਲਾਗੂ ਹੋਣੀ ਚਾਹੀਦੀ ਹੈ, ਉਸ ਲਈ ਸਿੰਘ ਸਾਹਿਬਾਨ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਦ੍ਰਿੜਤਾ, ਸੂਰਮਗਤੀ ਤੇ ਨਿਰਭੈਤਾ ਨਾਲ ਡਟਵਾਂ ਪਹਿਰਾ ਦਿਓ। ਸਮੁੱਚੀਆਂ ਗੁਰੂ ਜੀ ਦੀਆਂ ਲਾਡਲੀਆਂ ਨਿਹੰਗ ਸਿੰਘ ਜਥੇਬੰਦੀਆਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਪੰਥਕ ਮਰਿਯਾਦਾ ਤੋਂ ਮੁਨਕਰ ਲੋਕਾਂ ਦੇ ਬਿਸਤਰੇ ਗੋਲ ਕਰਵਾਉਂਦਾ ਆਇਆ ਹੈ ਅੱਜ ਇਹ ਵੀ ਇਕ ਇਤਿਹਾਸ ਸਿਰਜਨ ਦੀ ਲੋੜ ਹੈ। ਉਨ੍ਹਾਂ ਸਲਾਹ ਦਿੰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਤੋਂ ਮੁਨਕਰ ਕੋਈ ਵੀ ਧਿਰ ਹੋਵੇ ਉਸ ਨੂੰ ਸਜ਼ਾ ਭੁਗਤਣੀ ਪਈ ਹੈ। ਨਿਹੰਗ ਸਿੰਘ ਜਥੇਬੰਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਹੁਕਮ ’ਤੇ ਡੱਟ ਕੇ ਪਹਿਰਾ ਦੇਣ ਲਈ ਹਰ ਵੇਲੇ ਤਿਆਰ ਹਨ। ਉਨ੍ਹਾਂ ਕਿਹਾ ਮਰਯਾਦਾ ਲਈ ਪਹਿਲਾਂ ਨਿਹੰਗ ਸਿੰਘ ਕੁਰਬਾਨੀਆਂ ਦਿੰਦੇ ਰਹੇ ਹਨ ਤੇ ਅੱਜ ਵੀ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਅਕਾਲ ਤਖ਼ਤ ਸਾਹਿਬ ਤੋਂ ਪੰਥਕ ਜਗਤਿ ’ਚ ਮਰਯਾਦਾ ਦਾ ਪਾਲਣ ਕਰਦਿਆਂ ਗੁਰਮਤਾ ਕਰਨ ਵਾਲੇ ਜਥੇਦਾਰਾਂ ਖ਼ਿਲਾਫ਼ ਸੋਸ਼ਲ ਮੀਡੀਏ ’ਚ ਤੋਹਮਤ ਵਾਲੀ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਕਰਨ ਦੀ ਜ਼ੁਅਰਤ ਕਰਨੀ ਚਾਹੀਦੀ ਹੈ। ਇਸ ਸਮੇਂ ਬਾਬਾ ਜੋਗਾ ਸਿੰਘ ਮੁਖੀ ਤਰਨਾ ਦਲ ਮਿਸਲ ਸ਼ਹੀਦ ਬਾਬਾ ਦੀਪ ਸਿੰਘ ਬਾਬਾ ਬਕਾਲਾ ਵੱਲੋਂ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਬਿਧੀਚੰਦ ਸਾਹਿਬ ਤਰਨਾ ਦਲ ਸੁਰਸਿੰਘ ਵੱਲੋਂ ਬਾਬਾ ਨਾਹਰ ਸਿੰਘ ਸਾਧ, ਬਾਬਾ ਮੇਜਰ ਸਿੰਘ ਸੋਢੀ ਤਰਨਾ ਦਲ, ਬਾਬਾ ਨਾਗਰ ਸਿੰਘ ਹਰੀਆਂ ਬੇਲਾਂ, ਬਾਬਾ ਗੁਰਪਿੰਦਰ ਸਿੰਘ ਸਤਲਾਣੀ ਸਾਹਿਬ, ਬਾਬਾ ਵਸਣ ਸਿੰਘ, ਬਾਬਾ ਗੁਰਮੇਲ ਸਿੰਘ ਕਨੇਡਾ, ਬਾਬਾ ਕੁਲਵਿੰਦਰ ਸਿੰਘ, ਜਥੇਦਾਰ ਰਾਜਾ ਰਾਜ ਸਿੰਘ ਅਰਬਾ ਖਰਬਾ, ਬਾਬਾ ਖੜਕ ਸਿੰਘ, ਬਾਬਾ ਰਜਿੰਦਰਪਾਲ ਸਿੰਘ ਮਾਲੂਵਾਲ, ਬਾਬਾ ਵੱਸਣ ਸਿੰਘ ਮੜ੍ਹੀਆਵਾਲੇ, ਬਾਬਾ ਰਘਬੀਰ ਸਿੰਘ ਖਿਆਲਾ, ਬਾਬਾ ਤਰਸੇਮ ਸਿੰਘ ਨਾਨਕਸਰ, ਜਥੇਦਾਰ ਬਲਵਿੰਦਰ ਸਿੰਘ ਮਹਿਤਾ ਚੌਂਕ, ਜਥੇਦਾਰ ਪ੍ਰਗਟ ਸਿੰਘ, ਜਥੇਦਾਰ ਸੁਖਵਿੰਦਰ ਸਿੰਘ ਮੜ੍ਹੀਆਵਾਲੇ, ਜਥੇਦਾਰ ਬਲਦੇਵ ਸਿੰਘ ਵੱਲਾ, ਜਥੇਦਾਰ ਕੁਲਵਿੰਦਰ ਸਿੰਂਘ ਚੌਂਤਾ, ਜਥੇਦਾਰ ਹਰਜਿੰਦਰ ਸਿੰਘ ਮੁਕਤਸਰ, ਬਾਬਾ ਸ਼ੇਰ ਸਿੰਘ, ਭਾਈ ਸੁਖਜੀਤ ਸਿੰਘ ਕਨੱਹਈਆ, ਬਾਬਾ ਜੋਗਾ ਸਿੰਘ ਕਰਨਾਲਵਾਲੇ, ਬਾਬਾ ਕਰਮਜੀਤ ਸਿੰਘ ਯਮਨਾਨਗਰ ਤੋਂ ਇਲਾਵਾ ਬੇਅੰਤ ਨਿਹੰਗ ਸਿੰਘ ਫੌਜ਼ਾਂ ਹਾਜ਼ਰ ਸਨ।



