Punjab

ਚੰਡੀਗੜ੍ਹ-ਬਠਿੰਡਾ-ਨੈਸ਼ਨਲ ਹਾਈਵੇ ਕੀਤਾ ਮੁਕੰਮਲ ਜਾਮ

ਚੰਡੀਗੜ੍ਹ-ਬਠਿੰਡਾ-ਨੈਸ਼ਨਲ ਹਾਈਵੇ ਕੀਤਾ ਮੁਕੰਮਲ ਜਾਮ

ਸੰਗਰੂਰ, 4 ਮਾਰਚ-ਅੱਜ ਪਿੰਡ ਫੱਗੂਵਾਲਾ ਵਿਖੇ ਪਿੰਡ ਫੱਗੂਵਾਲਾ ਦੇ ਲੋਕਾਂ, ਟਰੱਕ ਓਪਰੇਟਰਜ਼, ਸਮਾਜ ਸੇਵੀ ਸੰਸਥਾਵਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਮਨਜੀਤ ਸਿੰਘ ਕਾਕਾ ਨਾਲ ਵਿਧਾਇਕਾ ਵੱਲੋਂ ਕੀਤੀ ਵਾਅਦਾ ਖ਼ਿਲਾਫ਼ ਅਤੇ ਮਨਜੀਤ ਸਿੰਘ ਕਾਕਾ ਨੂੰ ਇਨਸਾਫ ਦਿਵਾਉਣ ਲਈ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ਨੂੰ ਮੁਕੰਮਲ ਜਾਮ ਕਰਕੇ ਧਰਨਾ ਲਗਾਇਆ ਗਿਆ। ਇਕ ਪਾਸੇ ਜਿਥੇ ਸੋਮਵਾਰ ਨੂੰ ਐੱਮਐੱਲਏ ਨਰਿੰਦਰ ਕੌਰ ਭਰਾਜ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਪੁਲਿਸ ਲਾਈਨ ਪੁੱਜ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਪੁਲਿਸ ਨੂੰ ਮੰਗ ਪੱਤਰ ਦਿੱਤਾ ਉਥੇ ਦੂਜੇ ਪਾਸੇ ਵਿਰੋਧੀ ਸਿਆਸੀ ਪਾਰਟੀਆਂ ਅਤੇ ਆਮ ਲੋਕਾਂ ਵੱਲੋਂ ਵਿਧਾਇਕਾ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਚੰਡੀਗੜ੍ਹ-ਬਠਿੰਡਾ ਕੌਮੀ ਮਾਰਗ ’ਤੇ ਸਥਿਤ ਪਿੰਡ ਫੱਗੂਵਾਲਾ ਵਿਖੇ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ, ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਭਾਜਪਾ ਆਗੂ ਅਰਵਿੰਦ ਖੰਨਾ, ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ, ਸਾਬਕਾ ਚੇਅਰਮੈਨ ਵਰਿੰਦਰ ਪੰਨਵਾਂ, ਮਨਜੀਤ ਸਿੰਘ ਸੋਢੀ, ਗੁਰਚਰਨ ਸਿੰਘ ਚਹਿਲ ਸਮੇਤ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਟਰੱਕ ਅਪਰੇਟਰ ਮਨਜੀਤ ਸਿੰਘ ਕਾਕਾ ਆਮ ਆਦਮੀ ਪਾਰਟੀ (ਆਪ) ਦਾ ਸਰਗਰਮ ਵਲੰਟੀਅਰ ਸੀ ਅਤੇ ਉਸ ਨਾਲ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਕਾਕਾ ਤੋਂ ਕਥਿਤ ਤੌਰ ’ਤੇ 30 ਲੱਖ ਰੁਪਏ ਲੈ ਕੇ ਟਰੱਕ ਯੂਨੀਅਨ ਦੇ ਪ੍ਰਧਾਨ ਬਣਾਉਣ ਦਾ ਵਾਅਦਾ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਸ ਦੇ ਬਾਵਜੂਦ ਦੂਜੇ ਅਪਰੇਟਰ ਤੋਂ ਕਥਿਤ 55 ਲੱਖ ਰੁਪਏ ਲੈ ਕੇ ਉਸ ਨੂੰ ਪ੍ਰਧਾਨ ਥਾਪ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਾਅਦਾ ਖ਼ਿਲਾਫ਼ੀ ਤੋਂ ਪ੍ਰੇਸ਼ਾਨ ਹੋ ਕੇ ਕਾਕਾ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵਰਗਾ ਕਦਮ ਚੁੱਕਣ ਲਈ ਮਜਬੂਰ ਹੋ ਗਿਆ। ਉਨ੍ਹਾਂ ਪੀੜਤ ਅਪਰੇਟਰ ਦੀ ਸਿਹਤਯਾਬੀ ਦੀ ਕਾਮਨਾ ਕਰਦਿਆਂ ਮੰਗ ਕੀਤੀ ਕਿ ਇਸ ਕਾਂਡ ਦੀ ਜ਼ਿੰਮੇਵਾਰ ਹਲਕਾ ਵਿਧਾਇਕਾ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਰਣਜੀਤ ਸਿੰਘ ਤੂਰ, ਹਰੀ ਸਿੰਘ ਫੱਗੂਵਾਲਾ ਸਮੇਤ ਕਈ ਬੁਲਾਰਿਆਂ ਨੇ ਸੰਬੋਧਨ ਕੀਤਾ। ਧਰਨਾਕਾਰੀਆਂ ਨੇ ਅਖੀਰ ਵਿਚ ਚਿਤਾਵਨੀ ਦਿੱਤੀ ਕਿ ਜੇਕਰ ਕੱਲ੍ਹ ਸ਼ਾਮ ਤੱਕ ਕੋਈ ਕਾਰਵਾਈ ਨਾ ਹੋਈ ਤਾਂ 5 ਮਾਰਚ ਨੂੰ 11 ਵਜੇ ਐੱਸਐੱਸਪੀ ਸੰਗਰੂਰ ਦੇ ਦਫਤਰ ਬਾਹਰ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਵੱਖ-ਵੱਖ ਸਮਾਜਿਕ ਜਥੇਬੰਦੀਆਂ, ਟਰੱਕ ਆਪਰੇਟਰਾਂ, ਸਿਆਸੀ ਪਾਰਟੀਆਂ ਦੇ ਵਰਕਰਾਂ ਤੋਂ ਇਲਾਵਾ ਇਲਾਕੇ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਕਾਕਾ ਦੀ ਸਿਹਤਯਾਬੀ ਲਈ ਸੁਖਮਨੀ ਸਾਹਿਬ ਦਾ ਪਾਠ

ਇਸੇ ਦੌਰਾਨ ਟਰੱਕ ਯੂਨੀਅਨ ਭਵਾਨੀਗੜ੍ਹ ਵਿਖੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ’ਤੇ ਸਮੂਹ ਅਪਰੇਟਰਾਂ ਵੱਲੋਂ ਮਨਜੀਤ ਸਿੰਘ ਕਾਕਾ ਦੀ ਸਿਹਤਯਾਬੀ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ।

ਮੇਰੇ ਖ਼ਿਲਾਫ਼ ਲਾਏ ਦੋਸ਼ ਬੇਬੁਨਿਆਦ : ਭਰਾਜ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਉਨ੍ਹਾਂ ਖਿਲਾਫ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਬਿਲਕੁਲ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਐੱਸਐੱਸਪੀ ਸੰਗਰੂਰ ਤੋਂ ਇਸ ਘਟਨਾ ਦੀ ਪੜਤਾਲ ਕਰਨ ਦੀ ਮੰਗ ਕਰ ਰਹੇ ਹਨ।

Related Articles

Leave a Reply

Your email address will not be published. Required fields are marked *

Back to top button