ਪੁਲਿਸ ਨੇ ਕਈ ਕਿਸਾਨ ਆਗੂ ਚੱਕੇ, ਕੁਝ ਘਰਾਂ ’ਚ ਨਜ਼ਰਬੰਦ ਅਤੇ ਕੁਝ ਹੋਏ ਰੂਪੋਸ਼, ਸੰਯੁਕਤ ਮੋਰਚਾ ਧਰਨਾ ਲਾਉਣ ਲਈ ਬਜਿੱਦ

ਐਸ.ਏ.ਐਸ. ਨਗਰ- ਕਿਸਾਨਾਂ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ’ਚ ਲਾਏ ਜਾਣ ਵਾਲੇ ਧਰਨੇ ਨੂੰ ਮੁੱਖ ਰੱਖਦਿਆਂ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਕੁਝ ਕਿਸਾਨ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ ਅਤੇ ਕੁਝ ਨੂੰ ਘਰਾਂ ’ਚ ਨਜ਼ਰਬੰਦ ਕਰ ਦਿੱਤਾ ਹੈ ਪਰ ਇਸ ’ਤੇ ਚਲਦੇ ਹੀ ਕੁਝ ਕਿਸਾਨ ਆਗੂ ਰੂਹ ਪੋਸ਼ ਹੋ ਗਏ ਹਨ। ਮੁਹਾਲੀ ਤੋਂ ਕਿਸਾਨ ਜਥੇਬੰਦੀ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਉ, ਲੱਖੋਵਾਲ ਜਥੇਬੰਦੀ ਦੇ ਦਵਿੰਦਰ ਸਿੰਘ ਦੇਹ ਕਲਾਂ, ਜਨਰਲ ਸਕੱਤਰ ਜਸਪਾਲ ਨਿਆਮੀਆਂ ਅਤੇ ਢਕੌਦਾ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜੱਸੀ ਕਰਾਲਾ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਹੈ, ਜਦੋਂ ਕਿ ਰਾਜੇਵਾਲ ਜਥੇਬੰਦੀ ਦੇ ਸੂਬਾ ਸਕੱਤਰ ਪਰਮ ਬੈਦਵਾਣ ਨੂੰ ਘਰ ’ਚ ਨਜ਼ਰਬੰਦ ਕਰ ਰੱਖਿਆ ਹੈ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅਤੇ ਕਿਸਾਨ ਜਥੇਬੰਦੀ ਕਾਦੀਆਂ ਦੇ ਮੁੱਖ ਬੁਲਾਰੇ ਰਵਨੀਤ ਸਿੰਘ ਬਰਾੜ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਬੈਠਕ ’ਚ ਕਿਸਾਨ ਆਗੂਆਂ ਵੱਲੋਂ ਕੁੱਲ 18 ਮੰਗਾਂ ਰੱਖੀਆਂ ਗਈਆਂ ਸਨ ਪਰ ਮੁੱਖ ਮੰਤਰੀ ਵੱਲੋਂ ਸਾਰੀਆਂ ਮੰਗਾਂ ਮੰਨ ਲਈਆਂ ਜਾਣ ਦਾ ਕਹਿ ਕੇ ਪਰ ਧਰਨਾ ਨਾ ਦਿੱਤੇ ਜਾਣ ਦੀ ਗੱਲ ਕਹੀ ਗਈ। ਦੂਜੇ ਪਾਸੇ ਕਿਸਾਨ ਆਗੂਆਂ ਨੇ ਕਿਹਾ ਕਿ 2023 ’ਚ ਮੁੱਖ ਮੰਤਰੀ ਨਾਲ ਬੈਠਕ ਹੋਈ ਸੀ, ਜਿਸ ਵਿੱਚ 12 ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਜਿਨ੍ਹਾਂ ਵਿੱਚੋਂ ਹਾਲੇ ਤਕ ਇਕ ਵੀ ਮੰਗ ਨਹੀਂ ਮੰਨੀ ਗਈ। ਰਵਨੀਤ ਬਰਾੜ ਨੇ ਕਿਹਾ ਕਿ ਪੁਲਿਸ ਚਾਹੇ ਸਾਰੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਵੇ ਪਰ ਵਰਕਰ ਤਾਂ ਹਨ ਤੇ ਉਹ ਧਰਨਾ ਪੱਕਾ ਲਗਾਉਣਗੇ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਪਰਮ ਬੈਦਵਾਣ ਜਿਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਹੈ। ਉਨ੍ਹਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਸਰਕਾਰ ਦਾ ਤਾਲੀਬਾਨੀ ਰਾਜ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਵੀ ਧਰਨਾ ਪ੍ਰਦਰਸ਼ਨ ’ਚੋਂ ਨਿਕਲੀ ਹੋਈ ਸਰਕਾਰ ਹੈ ਅਤੇ ਅੱਜ ਧਰਨਿਆਂ ਦੇ ਹੀ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿਸਾਨ ਆਗੂਆਂ ਦੀ ਫੜੋ ਫੜੀ ਦਾ ਮਾਮਲਾ ਸਿਰਫ਼ ਐੱਮਐੱਲਏ ਨਰਿੰਦਰ ਕੌਰ ਭਰਾਜ ਅਤੇ ਐੱਮਐੱਲਏ ਬਲਕਾਰ ਸਿੰਘ ਸਿੱਧੂ ਦੇ ਮਾਮਲੇ ਨੂੰ ਦਬਾਉਣ ਲਈ ਹੈ।



