
ਫਿਰੋਜ਼ਪੁਰ 2 ਮਾਰਚ (ਜਸਵਿੰਦਰ ਸਿੰਘ ਸੰਧੂ): ਗੁਰੂਹਰਸਹਾਏ ਦੇ ਅਧੀਨ ਆਉਂਦੇ ਪਿੰਡ ਨਨਾਰੀ ਖੋਖਰ ਵਿਖੇ ਸੈਰ ਕਰ ਰਹੇ ਦੋ ਵਿਅਕਤੀਆਂ ’ਤੇ ਕਾਰ ਚੜਾ ਕੇ ਜ਼ਖਮੀਂ ਕਰਨ ਵਾਲੇ ਕਾਰ ਚਾਲਕ ਖਿਲਾਫ ਥਾਣਾ ਗੁਰੂਹਰਸਹਾਏ ਪੁਲਿਸ ਨੇ ਉਸ ਖਿਲਾਫ 281, 125 (ਏ), 125 (ਬੀ) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਮੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਨੋਨਾਰੀ ਖੋਖਰ ਨੇ ਦੱਸਿਆ ਕਿ ਉਹ ਤੇ ਉਸ ਦਾ ਦੋਸਤ 21 ਫਰਵਰੀ 2025 ਨੂੰ ਰਾਤ 8 ਵਜੇ ਸੈਰ ਕਰਨ ਲਈ ਗਿਆ ਜੋ ਬਲਦੇਵ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਨਨਾਰੀ ਖੋਖਰ ਨੇ ਆਪਣੀ ਕਾਰ ਲਾਪ੍ਰਵਾਹੀ ਨਾਲ ਲਿਆ ਕੇ ਉਨ੍ਹਾਂ ਉਪਰ ਚੜਾ ਦਿੱਤੀ, ਜਿਸ ਕਾਰਨ ਉਸ ਦੇ ਤੇ ਉਸ ਦੇ ਦੋਸਤ ਦੇ ਗੰਭੀਰ ਸੱਟਾਂ ਲੱਗ ਗਈਆਂ। ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਲਾਜ ਵਧਵਾ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।



