
ਨਵੀਂ ਦਿੱਲੀ, 28 ਫਰਵਰੀ- ਅੱਜ ਭਾਰਤ ਸਮੇਤ ਚਾਰ ਦੇਸ਼ਾਂ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਭਾਰਤ, ਨਿਪਾਲ, ਪਾਕਿਸਤਾਨ ਅਤੇ ਤਿੱਬਤ ਵਿਚ 3 ਘੰਟਿਆਂ ਦੇ ਅੰਦਰ ਮਹਿਸੂਸ ਕੀਤੇ ਗਏ। ਭਾਰਤੀ ਭੂਚਾਲ ਏਜੰਸੀ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੇ ਅਨੁਸਾਰ, ਅੱਜ ਸਵੇਰੇ ਲਗਭਗ 5.15 ਵਜੇ ਪਾਕਿਸਤਾਨ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 4.5 ਸੀ। ਇਸ ਤੋਂ ਪਹਿਲਾਂ ਨਿਪਾਲ ਵਿਚ ਭੁਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ ਸਨ। ਪਹਿਲਾ ਭੁਚਾਲ ਸਵੇਰੇ 2.36 ਵਜੇ ਆਇਆ ਅਤੇ ਦੂਜਾ 2.51 ਵਜੇ ਆਇਆ। ਪਹਿਲੇ ਭੁਚਾਲ ਦਾ ਕੇਂਦਰ ਨਿਪਾਲ ਦਾ ਬਾਗਮਤੀ ਖੇਤਰ ਸੀ। ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 5.5 ਸੀ। ਦੂਜੇ ਭੁਚਾਲ ਦੀ ਤੀਬਰਤਾ 6.1 ਸੀ। ਇਸ ਦਾ ਕੇਂਦਰ ਕਾਠਮੰਡੂ ਤੋਂ 65 ਕਿਲੋਮੀਟਰ ਪੂਰਬ ਵੱਲ ਸਿੰਧੂਪਾਲਚੌਕ ਜ਼ਿਲ੍ਹੇ ਦੇ ਕੋਡਾਰੀ ਖੇਤਰ ਵਿਚ ਸੀ। ਦੋਵਾਂ ਭੂਚਾਲਾਂ ਦੇ ਝਟਕੇ ਤਿੱਬਤ ਤੋਂ ਬਿਹਾਰ ਦੇ ਪਟਨਾ ਤੱਕ ਮਹਿਸੂਸ ਕੀਤੇ ਗਏ। ਨਿਪਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਆਏ ਭੁਚਾਲ ਕਾਰਨ ਕਿਸੇ ਦੇ ਮਰਨ ਜਾਂ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।



